ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/28

ਇਹ ਸਫ਼ਾ ਪ੍ਰਮਾਣਿਤ ਹੈ

ਦੇਖ ਕੇ ਇਸ ਕੰਮ ਵਿਚੋਂ ਉਹਦਾ ਮਨ ਉੱਖੜ ਗਿਆ। ਅੱਧੀ ਜ਼ਮੀਨ ਵੇਚ ਦਿੱਤੀ। ਸ਼ਹਿਰ ਵਿੱਚ ਪਲਾਟ ਲੈ ਕੇ ਮਕਾਨ ਬਣਾ ਲਿਆ ਤੇ ਫੇਰ ਟਰੈਕਟਰ ਦੀ ਏਜੰਸੀ ਵਿੱਚ ਹਿੱਸਾ ਪਾ ਲਿਆ। ਇਸ ਕੰਮ ਵਿੱਚ ਉਹਨੂੰ ਲਾਭ ਸੀ। ਫੇਰ ਤਾਂ ਇਹੀ ਕੰਮ ਹੀ ਉਹਦਾ ਮੁੱਖ-ਧੰਦਾ ਬਣ ਗਿਆ। ਹੌਲ਼ੀ-ਹੌਲ਼ੀ ਫਿਰ ਖ਼ੁਦ ਆਪਣੀ ਟਰੈਕਟਰ ਏਜੰਸੀ ਕਾਇਮ ਕਰ ਲਈ। ਪਿੰਡ ਵਾਲੀ ਬਾਕੀ ਰਹਿੰਦੀ ਜ਼ਮੀਨ ਵੀ ਵੇਚ ਦਿੱਤੀ। ਸ਼ਹਿਰ ਵਿੱਚ ਦੋ ਪਲਾਟ ਖਰੀਦ ਲਏ ਤੇ ਟਰੈਕਟਰ ਦਾ ਧੰਦਾ ਵਧਾ ਲਿਆ। ਉਹਨੂੰ ਸੁੱਖ ਦਾ ਸਾਹ ਆਉਣ ਲੱਗਿਆ। ਉਹਨੂੰ ਤਸੱਲੀ ਹੋਈ, ਪਿੰਡ ਰਹਿ ਕੇ ਖੇਤੀ ਦੇ ਕੰਮ ਵਿੱਚ ਤਾਂ ਸਾਰੀ ਉਮਰ ਦਾ ਨਰਕ ਸੀ।

ਸੁਦਾਗਰ ਉਹਦਾ ਇਕੱਲਾ ਪੁੱਤ ਸੀ। ਕੁੜੀਆਂ ਦੋ। ਕੁੜੀਆਂ ਵੱਡੀਆਂ ਸਨ। ਪੜ੍ਹਾ ਲਿਖਾ ਕੇ ਵਧੀਆਂ ਘਰਾਂ ਵਿਚ ਵਿਆਹੀਆਂ। ਸੁਦਾਗਰ ਬੀ. ਏ. ਤੱਕ ਪੜ੍ਹਿਆ। ਉਹਦੇ ਬਾਪ ਦਾ ਫ਼ੈਸਲਾ ਸੀ ਕਿ ਉਹ ਸੁਦਾਗਰ ਨੂੰ ਕੋਈ ਨੌਕਰੀ ਨਹੀਂ ਕਰਾਏਗਾ। ਉਹ ਆਪਣੀ ਟਰੈਕਟਰ ਏਜੰਸੀ ਹੀ ਸੰਭਾਲੇ ਤੇ ਰਾਜ ਕਰੇਗਾ। ਨੌਕਰੀ ਤਾਂ ਗ਼ੁਲਾਮੀ ਹੁੰਦੀ ਹੈ। ਬੰਦਾ ਸਾਰੀ ਉਮਰ ਜੀ-ਹਜ਼ੂਰੀ ਵਿੱਚ ਹੀ ਰਹਿੰਦੀ ਹੈ।

ਪਤਾ ਨਹੀਂ ਉਹ ਕਿਹੜੀ ਚੰਦਰੀ ਘੜੀ ਸੀ, ਜਦੋਂ ਪਿਆਰੋ ਤੇ ਸੁਦਾਗਰ ਨੇ ਕੌਲ-ਕਰਾਰ ਕਰ ਲਏ ਕਿ ਉਹ ਵਿਆਹ ਕਰਾਉਣਗੇ। ਜਦੋਂ ਵੀ ਕਰਾਉਣ, ਇੱਕ ਦੂਜੇ ਨਾਲ ਕਰਾਉਣਗੇ-ਨਹੀਂ ਤਾਂ ਕੰਵਾਰੇ ਹੀ ਰਹਿਣਗੇ ਸਾਰੀ ਉਮਰ। ਉਸ ਦਿਨ ਉਹਨਾਂ ਸਾਹਮਣੇ ਜਾਤ-ਬਰਾਦਰੀ ਦਾ ਕੋਈ ਮਸਲਾ ਨਹੀਂ ਸੀ। ਅਮੀਰੀ-ਗ਼ਰੀਬੀ ਦਾ ਕੋਈ ਤਕਾਜ਼ਾ ਨਹੀਂ ਸੀ ਤੇ ਮਾਪਿਆਂ ਦੀ ਸਹਿਮਤੀ-ਅਸਹਿਮਤੀ ਕੋਈ ਅੜਚਣ ਨਹੀਂ ਦਿਸਦੀ ਸੀ। ਲੱਗਦਾ ਸੀ ਜਿਵੇਂ ਅੱਜ ਉਹਨਾਂ ਨੇ ਗੱਲ ਕੀਤੀ ਹੈ ਤੇ ਕੱਲ੍ਹ ਨੂੰ ਉਹਨਾਂ ਦਾ ਵਿਆਹ ਹੋ ਜਾਵੇਗਾ। ਦੋਵਾਂ ਨੇ ਇੱਕ ਸ਼ਰਤ ਸਾਹਮਣੇ ਰੱਖੀ ਕਿ ਬੀ. ਏ. ਦਾ ਇਮਤਿਹਾਨ ਪਾਸ ਕਰਨ ਬਾਅਦ ਹੀ ਉਹ ਕੋਈ ਕਦਮ ਚੁੱਕਣਗੇ।

ਦੋਵਾਂ ਦੀ ਬੀ. ਏ. ਵੀ ਹੋ ਗਈ। ਸੁਦਾਗਰ ਆਪਣੇ ਬਾਪ ਦੇ ਕੰਮ ਟਰੈਕਟਰਏਜੰਸੀ ਵਿੱਚ ਬੈਠਣ ਲੱਗਿਆ। ਇਸ ਦੌਰਾਨ ਪਿਆਰੋ ਨੇ ਬੀ. ਐੱਡ. ਵੀ ਕਰ ਲਈ, ਪਰ ਉਹਨਾਂ ਦੀ ਗੱਲ ਸਿਰੇ ਨਹੀਂ ਚੜ੍ਹ ਰਹੀ ਸੀ। ਸੁਦਾਗਰ ਦੇ ਬਾਪ ਵਿੱਚ ਜੱਟ ਰੰਗੜਊ ਸੀ ਤੇ ਪਿਆਰੋ ਦੀ ਮਾਂ ਕਹਿੰਦੀ ਸੀ ਕਿ ਉਹ ਓਸੇ ਦਿਨ ਜ਼ਹਿਰ ਖਾ ਕੇ ਮਰ ਜਾਵੇਗੀ, ਜਿਸ ਦਿਨ ਇਹ ਗੱਲ ਹੋ ਗਈ।

ਦੋਵੇਂ ਕਿਧਰੇ ਨਾ ਕਿਧਰੇ ਮਿਲਦੇ ਜ਼ਰੂਰ, ਪਰ ਵਿਆਹ ਦੀ ਗੱਲ ਕੋਈ ਨਾ ਕਰਦੇ। ਵਿਆਹ ਦੇ ਮਾਮਲੇ ਵਿੱਚ ਉਹ ਬੇਵੱਸ ਸਨ। ਦੋਵਾਂ ਦੇ ਮਾਪੇ ਅੜੇ ਖੜ੍ਹੇ ਸਨ, ਚੀਨ ਦੀ ਦੀਵਾਰ ਵਾਂਗ। ਸਹਿਜੇ-ਸਹਿਜੇ ਉਹਨਾਂ ਦਾ ਸਿਲਸਿਲਾ ਇਹ ਹੋ ਗਿਆ ਕਿ ਉਹ ਚੋਰੀ ਛਿਪੇ ਕਿਧਰੇ ਮਿਲਣ ਲੱਗੇ। ਜਿਵੇਂ ਇਹੀ ਇੱਕ ਜ਼ਿੰਦਗੀ ਰਹਿ ਗਈ ਹੋਵੇ।ਜਿਵੇਂ ਇਹੀ ਉਹਨਾਂ ਦੀ ਪ੍ਰਾਪਤੀ ਹੋਵੇ ਤੇ ਫੇਰ ਪਤਾ ਵੀ ਨਾ ਲੱਗਿਆ, ਕਦੋਂ ਤੇ ਕਿਵੇਂ ਸੁਦਾਗਰ ਦੇ ਧੱਕੜ ਬਾਪ ਨੇ ਉਹਦਾ ਵਿਆਹ ਕਰ ਦਿੱਤਾ। ਦਸ ਜਮਾਤਾਂ ਪੜ੍ਹੀ, ਚੰਗੇ ਭਾਂਡੇ-ਖਾਂਡੇ ਵਾਲੇ ਘਰ ਦੀ ਕੁੜੀ ਨਾਲ। ਕੁੜੀ ਵਾਲਿਆਂ ਨੇ ਦਾਜ-ਦਹੇਜ ਬਹੁਤ ਦਿੱਤਾ। ਸਵਰਨ ਕੌਰ ਰੱਜ ਕੇ ਸੋਹਣੀ ਸੀ। ਪਿਆਰੋ ਉਹਦੇ ਹੁਸਨ ਝਲਕਾਰੇ ਸਾਹਮਣੇ ਪਿੱਛੇ ਰਹਿ ਜਾਂਦੀ।

28

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ