ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/25

ਇਹ ਸਫ਼ਾ ਪ੍ਰਮਾਣਿਤ ਹੈ

ਮੰਜ਼ਲਾਂ ਛੋਹੇਗਾ, ਪਰ ਸਭ ਕਾਸੇ ਦਾ ਸਤਿਆਨਾਸ ਹੋ ਕੇ ਰਹਿ ਗਿਆ। ਰਾਜਨੀਤੀ ਨੇ ਦੇਸ਼ ਨੂੰ ਅੱਗੇ ਕੀ ਲਿਜਾਣਾ ਸੀ, ਖ਼ੁਦ ਹੀ ਗੰਧਲ ਕੇ ਗ਼ਾਰਾ ਹੋ ਗਈ। ਕੁਰਸੀ-ਯੁੱਧ ਛਿੜਨ ਲੱਗੇ। ਕੁਰਸੀ ਦੇ ਦਾਓ ਉੱਤੇ ਆਮ ਜਨਤਾ ਨੂੰ ਕੁਰਬਾਨ ਕਰ ਦਿੱਤਾ ਜਾਂਦਾ। ਧਰਮ ਦੇ ਅਰਥ ਬਦਲ ਗਏ। ਜਿਵੇਂ ਸਰੀਰ ਦਾ ਮਾਸ ਹੀ ਸਰੀਰ ਨੂੰ ਖਾਣ ਲੱਗ ਪੈਂਦਾ ਹੋਵੇ। ਮਨੁੱਖੀ ਭਾਵਨਾ ਦੀ ਗੁੰਜਾਇਸ਼ ਖ਼ਤਮ ਹੋਣ ਲੱਗੀ। ਤੇਰੇ ਮੁਲਕ ਦਾ ਪਤਾ ਨਹੀਂ, ਏਧਰ ਤਾਂ ਸ਼ੁਰੂ ਤੋਂ ਅਖ਼ੀਰ ਤੱਕ ਹਮੇਸ਼ਾ ਡਰ-ਭੈਅ ਦੇ ਹਾਲਾਤ ਹੀ ਬਣੇ ਰਹੇ ਹਨ। ਸੁੱਖ-ਸ਼ਾਂਤੀ ਪਤਾ ਨਹੀਂ ਕੀ ਚੀਜ਼ ਹੁੰਦੀ ਹੈ।

ਸੰਤਾਲੀ ਤੋਂ ਬਾਅਦ ਪੈਂਤੀ-ਚਾਲੀ ਸਾਲਾਂ ਪਿੱਛੋਂ ਪੰਜਾਬ ਵਿੱਚ ਫੇਰ ਇੱਕ ਹਨੇਰੀ ਝੁੱਲੀ। ਇਹ ਹਨੇਰੀ ਸੰਤਾਲੀ ਦੀ ਹਨੇਰੀ ਨਾਲੋਂ ਬਹੁਤ ਭਾਰੀ ਤੇ ਤੇਜ਼ ਸੀ। ਫ਼ਰਕ ਇਹ ਸੀ ਕਿ ਸੰਤਾਲੀ ਵਾਲੀ ਹਨੇਰੀ ਤਾਂ ਦੋ-ਚਾਰ ਮਹੀਨਿਆਂ ਤੱਕ ਹੀ ਵਗੀ ਸੀ। ਇਹ ਹਨੇਰੀ ਕਈ ਵਰ੍ਹੇ ਚਲਦੀ ਰਹੀ। ਇਹਦਾ ਕੋਈ ਅੰਤ ਨਹੀਂ ਦਿਸਦਾ ਸੀ। ਪੰਜਾਬੀ ਲੋਕ ਹਨੇਰੇ ਦਾ ਜੀਵਨ ਜਿਉਂ ਰਹੇ ਸਨ। ਸੂਰਜ ਚੜ੍ਹਦਾ ਲੱਥਦਾ ਹੋਵੇਗਾ, ਪਰ ਦਿਸਦਾ ਨਹੀਂ ਸੀ। ਕਿਸੇ ਦੀ ਕਿਸੇ ਨੂੰ ਕੋਈ ਪਹਿਚਾਣ ਨਹੀਂ ਰਹਿ ਗਈ ਸੀ। ਹਨੇਰੇ ਦਾ ਦੈਂਤ ਕਦੇ ਵੀ ਕਿਸੇ ਨੂੰ ਨਿਗ਼ਲ ਲੈਂਦਾ। ਮਨੁੱਖ ਦੀ ਜਾਨ ਕੁੱਤਿਆਂ-ਬਿੱਲਿਆਂ ਨਾਲੋਂ ਸਸਤੀ ਹੋ ਗਈ। ਪੰਜਾਬੀ ਕੌਮ ਲਗਾਤਾਰ ਖ਼ਤਮ ਹੁੰਦੀ ਜਾ ਰਹੀ ਸੀ। ਪੰਜਾਬ ਨੂੰ ਪਤਾ ਨਹੀਂ ਇਹ ਕਿਹੜੇ ਜੁੱਗ ਦਾ ਸਰਾਪ ਸੀ ਕਿ ਇੱਕ ਦਿਨ ਅਜਿਹਾ ਆਵੇਗਾ, ਜਦੋਂ ਭਾਈ ਨੂੰ ਭਾਈ ਖ਼ਤਮ ਕਰਨ ਲੱਗਣਗੇ ਜਾਂ ਕੀ ਪਤਾ ਬਈ ਧਰਤੀ ਬੰਦਿਆਂ ਦਾ ਭਾਰ ਮੰਨਣ ਲੱਗ ਪਈ ਹੋਵੇ।

ਆਪਣਾ ਪਰਮ-ਮਿੱਤਰ ਨੰਦ ਲਾਲ ਬਹੁਤ ਦੁਖੀ ਸੀ। ਦਹਿਸ਼ਤ ਹਰ ਪੰਜਾਬੀ ਹਿੰਦੂ ਦੇ ਮਨ ਵਿੱਚ ਗਹਿਰਾਈ ਤੱਕ ਉੱਤਰ ਗਈ। ਪਿੰਡਾਂ ਦੇ ਹਿੰਦੂ ਪਰਿਵਾਰ ਉੱਠ ਕੇ ਸ਼ਹਿਰਾਂ ਵਿੱਚ ਜਾ ਵਸੇ। ਕੁਝ ਹਿੰਦੂ ਲੋਕ ਬਹੁਤ ਤੱਤੇ ਵਗੇ ਤੇ ਪੰਜਾਬ ਹੀ ਛੱਡ ਦਿੱਤਾ। ਦੂਜੇ ਸੂਬਿਆਂ ਵਿੱਚ ਜਾ ਕੇ ਡੇਰੇ ਲਾਏ। ਉਹਨਾਂ ਲਈ ਜਿਵੇਂ ਦੂਜਾ ਪਾਕਿਸਤਾਨ ਬਣ ਗਿਆ ਹੋਵੇ। ਰਾਜਸਥਾਨ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਅਜਿਹੇ ਹਜ਼ਾਰਾਂ ਪਰਿਵਾਰ ਜਾ ਟਿਕੇ। ਅਖੇ ਓਥੇ ਆਪਣੇ ਹਿੰਦੂ ਭਰਾਵਾਂ ਵਿੱਚ ਰਹਾਂਗੇ।

ਨੰਦ ਲਾਲ ਤੇ ਉਹਦਾ ਮੁੰਡਾ ਪਰਮਾਤਮਾ ਨੰਦ ਨਿੱਤ ਸ਼ਹਿਰ ਜਾਂਦੇ ਸਨ। ਨੰਦ ਲਾਲ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਤੇ ਪਰਮਾਤਮਾ ਨੰਦ ਸਬਜ਼ੀ ਲੈਣ ਜਾਂਦਾ। ਨੰਦ ਲਾਲ ਦੇ ਦਿਮਾਗ਼ ਵਿੱਚ ਕੈਂਸਰ ਰੋਗ ਜਿਹਾ ਡਰ ਬੈਠ ਗਿਆ ਸੀ ਕਿ ਉਹਨਾਂ ਦੋਵੇਂ ਪਿਓ-ਪੁੱਤਾਂ ਨੂੰ ਇੱਕ ਦਿਨ ਕੋਈ ਕਤਲ ਕਰ ਦੇਵੇਗਾ। ਨੰਦ ਲਾਲ ਨੂੰ ਆਥਣ ਦੇ ਹਨੇਰੇ ਵਿੱਚ ਤੇ ਪਰਮਾਤਮਾ ਨੰਦ ਨੂੰ ਸਵੇਰ ਦੇ ਹਨੇਰੇ ਵਿੱਚ।

ਪੰਜਾਬ ਛੱਡ ਕੇ ਉਹ ਗਏ ਤਾਂ ਓਥੇ ਜਾ ਕੇ ਵੀ ਓਹੀ ਕੰਮ ਕਰਨ ਲੱਗੇ। ਨੰਦ ਲਾਲ ਕਿਸੇ ਕੱਪੜੇ ਦੀ ਦੁਕਾਨ 'ਤੇ ਬੈਠ ਗਿਆ ਤੇ ਪਰਮਾਤਮਾ ਨੰਦ ਸਬਜ਼ੀ ਦੀ ਰੇਹੜੀ ਲਾਉਂਦਾ, ਪਰ ਦੋਹਾਂ ਦੀ ਦਾਲ ਨਹੀਂ ਗਲ਼ੀ। ਉਹ ਪੰਜਾਬ ਵਿੱਚ 'ਹਿੰਦੂ' ਸਨ ਤਾਂ ਪੰਜਾਬ ਤੋਂ ਬਾਹਰ ਜਾ ਕੇ 'ਪੰਜਾਬੀ' ਹੋ ਗਏ। ਓਥੇ ਉਹ ਦੋ-ਤਿੰਨ ਮਹੀਨੇ ਹੀ ਮਸਾਂ ਟਿਕ ਸਕੇ। ਭੁੱਖੇ ਮਰਨ ਲੱਗੇ। ਨੰਦ ਲਾਲ ਨੂੰ ਕੱਪੜੇ ਦੀ ਦੁਕਾਨ ਤੋਂ ਹਟਾ ਦਿੱਤਾ ਗਿਆ ਸੀ ਤੇ ਪਰਮਾਤਮਾ ਨੰਦ ਦੀ ਰੇਹੜੀ ਚੱਲਦੀ ਨਹੀਂ ਸੀ। ਆਖ਼ਰ ਸਾਰਾ ਲਕਾ-ਤੁਕਾ ਚੁੱਕ ਕੇ

ਤੂੰ ਵੀ ਮੁੜ ਆ, ਸਦੀਕ

25