ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/224

ਇਹ ਸਫ਼ਾ ਪ੍ਰਮਾਣਿਤ ਹੈ

ਜਾਂਦੇ ਦੀ ਪਿੱਠ ਦੇਖੀ। ਖੋਲ਼ੇ ਵਿਚੋਂ ਦਬਾ ਸੱਟ ਨਿੱਕਲ ਕੇ ਉਹ ਵੀ ਤਿੱਤਰ ਹੋ ਗਿਆ। ਖੋਲ਼ੇ ਦੇ ਬਾਰ ਮੂਹਰੇ ਆ ਕੇ ਵਿੱਦੋ ਨੇ ਗਿੰਦਰ ਨੂੰ ਦੱਬਵੀਂ ਜਿਹੀ ਹਾਕ ਮਾਰੀ "ਚਾਚਾ...।" ਗਿੰਦਰ ਇੱਕ ਬਿੰਦ ਧੌਣ ਭੰਵਾ ਕੇ ਪਿੱਛੇ ਨੂੰ ਝਾਕਿਆ ਤੇ ਸੁੱਥਣ ਵਿਚ ਸੋਟੀ ਦਾ ਸਿਰਾ ਅੜੁੰਗ ਕੇ ਬਾਂਹ ਨੂੰ ਸਿਰ 'ਤੇ ਉੱਚਾ ਕਰ ਲਿਆ। ਵਿੱਦੋ ਦੀ ਕੋਈ ਪੇਸ਼ ਨਾ ਗਈ। ਉਹ ਸਿਰਪੱਟ ਘਰ ਵੱਲ ਦੌੜ ਪਈ ਸੀ।

ਚੰਦਾ ਸਿੰਘ ਛਤਨੇ ਵਿਚ ਹੁਣ ਮੱਥਾ ਫੜੀ ਬੈਠਾ ਸੀ। ਪਤਾ ਨਹੀਂ ਕੀ ਸੋਚ ਰਿਹਾ ਸੀ। ਧੀ ਨੇ ਉਸ ਨੂੰ ਜਿਉਣ ਜੋਗਾ ਨਹੀਂ ਸੀ ਛੱਡਿਆ।

ਉਸ ਦੇ ਕੰਨੀਂ ਅਵਾਜ਼ਾਂ ਪਈਆਂ। ਬੰਦਿਆਂ ਦੀ ਕਚਰ ਕਚਰ। ਛੋਟੇ ਛੋਟੇ ਮੁੰਡਿਆਂ ਦੀ ਹਾਸੀ। ਕੋਈ ਇੱਕ ਉੱਚੀ ਬੋਲ ਰਿਹਾ ਸੀ, "ਬਾਹਰ ਨਿਕਲ ਕੇ ਦੇਖ ਓਏ ਵੰਡਿਆ ਸਰਦਾਰਾ। ਮੱਥੇ ਲਾ ਕੇ ਦੇਖ ਓਏ ਕੁੜੀ ਦਾ ਝੰਡਾ। ਬਾਹਰ ਆ ਓਏ ਚੰਦਿਆ, ਨੱਬੇ ਲੈ ਕੇ ਸੌ 'ਤੇ ਗੁੱਠਾ ਲਾਈਏ ਤੇਰੀ ਬਹੀ 'ਤੇ।

ਚੰਦਾ ਸਿੰਘ ਬਾਹਰ ਆਇਆ। ਲੋਕ ਹੱਸ ਰਹੇ ਸਨ। ਮੁੰਡੇ ਰੌਲਾ ਪਾ ਰਹੇ ਸਨ। ਸਾਰੇ ਚੁੱਪ ਹੋ ਗਏ।

ਗਿੰਦਰ ਫਿਰ ਬੋਲਿਆ, "ਸਿਆਣ ਗਾਂ, ਚੰਦਾ ਸਿਆਂ, ਸੁੱਥਣ ਥੋਡੀ ਐ?"

ਸਾਰਾ ਇਕੱਠ ਹਿੜ ਹਿੜ ਕਰਕੇ ਹੱਸ ਪਿਆ।

ਮਾਵਾਂ ਧੀਆਂ ਵੀ ਬਾਰ ਮੂਹਰੇ ਆ ਖੜ੍ਹੀਆਂ।

ਸ਼ਿਆਮੋ ਗਾਲ਼ਾਂ ਦੇ ਰਹੀ ਸੀ। ਵਿੱਦੋ ਗਾਲ਼ਾਂ ਦੇ ਰਹੀ ਸੀ। ਗਿੰਦਰ ਨੂੰ ਉਨ੍ਹਾਂ ਮੂਹਰੇ ਗੱਲ ਨਹੀਂ ਸੀ ਔੜਦੀ। ਚੰਦਾ ਸਿੰਘ ਨੇ ਗਿੰਦਰ ਦੇ ਹੱਥੋਂ ਸੋਟੀ ਫੜ ਲਈ। ਸੁੱਥਣ ਭੁੰਜੇ ਡਿੱਗ ਪਈ। ਸੋਟੀ ਦੀ ਹੁੱਜ ਨਾਲ ਸੁੱਥਣ ਚੰਦਾ ਸਿੰਘ ਨੇ ਪਰ੍ਹਾਂ ਵਗਾਹ ਮਾਰੀ।

"ਕੀਹਦੀ ਚੁੱਕ ਲਿਆਇਆ ਓਏ ਤੂੰ ਇਹ ਸੁੱਥਣ? ਕੀ ਸਾਂਗ ਧਾਰਿਆ ਏਹੋ? ਇਹ ਖੇਡਾ ਸਾਡੇ ਬਾਰ ਮੂਹਰੇ ਆ ਕੇ ਈ ਪੌਣੈ?" ਚੰਦਾ ਸਿੰਘ, ਆਪਣੇ ਮੂੰਹ ਦੀ ਉਦਾਸੀ ਨੂੰ ਮੱਲੋਜ਼ੋਰੀ ਲਾਹੁਣ ਦੀ ਕੋਸ਼ਿਸ਼ ਕਰ ਰਿਹਾ ਸੀ।

"ਆਵ ਦੀ ਮਾਂ ਭੈਣ ਮੂਹਰੇ ਟੰਗ ਕੇ ਦਿਖਾ ਇਹ ਸੁੱਥਣਾ। ਇਹ ਕੰਜਰਖਾਨਾ ਐਥੇ ਈ ਕਰਨੈ?" ਸ਼ਿਆਮੋ ਨੇ ਕੜਕ ਕੇ ਆਖਿਆ।

ਕਾਲੀ ਸੁੱਥਣ ਪਾਈ ਵਿੱਦੋ ਆਪਣੇ ਬੂਹੇ ਵੱਲ ਜਾ ਰਹੀ ਸੀ।

ਗਿੰਦਰ ਦੇ ਮੂੰਹ ਵਿਚ ਬੋਲ ਨਹੀਂ ਸੀ। ਹੁਣ ਲੋਕ ਗਿੰਦਰ 'ਤੇ ਹੱਸ ਰਹੇ ਸਨ।

"ਬੋਲ ਗਿੰਦਰਾ, ਹੁਣ ਮੂੰਹੋਂ।" ਇਕੱਠ ਵਿਚੋਂ ਕਿਸੇ ਨੇ ਕਿਹਾ।

"ਇਹ ਸੁੱਥਣ ਥੋਡੀ ਕੁੜੀ ਦੀ ਨੀ?" ਗਿੰਦਰ ਨੇ ਚੰਦਾ ਸਿੰਘ ਤੋਂ ਪੁੱਛਿਆ।

"ਤੇਰੀ ਭੈਣ ਦੀ ਹੋਣੀ ਐ, ਜਿਹੜੀ ਕੁਮਾਰੀ ਐ ਜਾਂ ਤੇਰੀ ਧੀ ਦੀ। ਸਾਡੀ ਸੁੱਥਣ ਇਹ ਕਿਵੇਂ ਹੋਈ ਵੇ ਕੰਜਰਾ?" ਸ਼ਿਆਮੋ ਅੱਡੀਆਂ ਚੁੱਕ ਕੇ ਬੋਲੀ।

"ਬੂਥੜ ਤੋੜ ਦੂੰ ਸਾਲੇ ਦਾ। ਕੌਣ ਕਹਿੰਦੈ, ਇਹ ਸੁੱਥਣ ਸਾਡੀ ਐ?" ਚੰਦਾ ਸਿੰਘ ਦੇ ਮੂੰਹ 'ਤੇ ਪੂਰਾ ਗੁੱਸਾ ਸੀ। ਲੋਕ ਚੁੱਪ ਖੜ੍ਹੇ ਸਨ। ਉਹ ਮੁਸ਼ਕਰਾ ਰਹੇ ਸਨ। ਪਤਾ ਨਹੀਂ ਗਿੰਦਰ ’ਤੇ ਪਤਾ ਨਹੀਂ ਚੰਦਾ ਸਿੰਘ 'ਤੇ। ਗਿੰਦਰ ਪਿੰਠ ਮਰੋੜ ਕੇ 'ਕੱਠ ਵਿਚੋਂ ਖਿਸਕ ਰਿਹਾ ਸੀ।

***

224

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ