ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/208

ਇਹ ਸਫ਼ਾ ਪ੍ਰਮਾਣਿਤ ਹੈ

ਲਈ ਹਾਸਾ ਮੁੱਕ ਜਾਵੇਗਾ। ਉਸ ਨੂੰ ਕੀ ਪਤਾ ਸੀ ਕਿ ਕਿਸੇ ਓਪਰੇ ਬੰਦੇ ਨਾਲ ਹੱਸ ਕੇ ਬੋਲ ਲੈਣਾ ਤੇ ਖੁਲ੍ਹ ਕੇ ਗੱਲ ਕਰ ਲੈਣੀ ਵੀ ਪਤੀ-ਧਰਮ ਦੇ ਉਲਟ ਹੈ। ਦੂਜਿਆਂ ਨਾਲ ਹੱਸਣਾ ਬੋਲਣਾ ਪਤੀ ਧਰਮ ਦੇ ਉਲਟ ਕੋਈ ਕਿਉਂ ਸਮਝਦਾ ਹੈ? ਉਹ ਸਮਝ ਨਾ ਸਕੀ। ਇਹੋ ਜਿਹਾ ਵੀ ਕੋਈ ਮਨੁੱਖ ਹੁੰਦਾ ਹੈ ਜਿਹੜਾ ਬਿਨਾਂ ਹੀ ਆਪਣੀ ਤੀਵੀਂ ਉੱਤੇ ਕੋਈ ਸ਼ੱਕ ਕਰ ਲਵੇ। ਤਰ੍ਹਾਂ-ਤਰ੍ਹਾਂ ਦੇ ਉਸ ਨੂੰ ਸਵਾਲ ਪੁੱਛੇ। ਤਰ੍ਹਾਂ ਤਰ੍ਹਾਂ ਦੀਆਂ ਉਸ ਨਾਲ ਗੱਲਾਂ ਕਰੇ। ਵਿੰਦਰ ਵਿਚਾਰੀ ਸਮਝ ਨਾ ਸਕੀ। ਉਸ ਦੇ ਅੰਦਰ ਕਿਸੇ ਸੱਚ ਦੀ ਹੈਂਕੜ ਸੀ। ਉਸ ਹੈਂਕੜ ਨੇ ਹੀ ਉਸ ਨੂੰ ਡੋਬਿਆ।

ਉਹ ਆਪਣੇ ਆਪ ਵਿਚ ਕੈਦ ਸੀ। ਆਪਣੇ ਉਸ ਸੁਭਾਅ ਉੱਤੇ ਹੁਣ ਉਸ ਨੂੰ ਝੋਰਾ ਸੀ। ਜੇ ਕਦੇ ਪਹਿਲੇ ਦਿਨੋਂ ਹੀ ਏਵੇਂ ਜਿਵੇਂ ਚੁੱਪ ਕੀਤੀ ਜਿਹੀ ਰਹਿੰਦੀ? ਕੀ ਲੈਣਾ ਸੀ ਉਸ ਨੇ ਭਣੋਈਏ ਦੀ ਟਹਿਲ-ਸੇਵਾ ਤੋਂ?

ਕੰਮ ਕਾਰ ਵਿੱਚ ਐਨਾ ਰੁੱਝ ਗਿਆ ਸਾਂ ਕਿ ਮੈਂ ਕਈ ਸਾਲ ਸਹੁਰੀਂ ਨਾ ਜਾ ਸਕਿਆ। ਅਮਰਜੀਤ ਵੀ ਨਹੀਂ ਸੀ ਗਈ ਤੇ ਫਿਰ ਮੇਰੀ ਬਦਲੀ ਪਿੰਡ ਤੋਂ ਕਈ ਸੌ ਮੀਲ ਦਰ ਹੋ ਗਈ। ਸਾਲ ਵਿਚ ਇਕ ਅੱਧ ਵਾਰ ਮੈਂ ਪਿੰਡ ਆਉਂਦਾ ਤਾਂ ਇਕ ਦੋ ਦਿਨ ਰਹਿ ਕੇ ਚਲਿਆ ਜਾਂਦਾ।

ਮੇਰੇ ਸਹੁਰਿਆਂ ਦੀਆਂ ਦੋ ਸੱਜਰ-ਸੂਈਆਂ ਮੱਝਾਂ ਇੱਕ ਫੌਜੀ ਟੈਂਕ ਦੀ ਫੇਟ ਲੱਗ ਕੇ ਮਰ ਗਈਆਂ ਤਾਂ ਮੈਂ ਅਫਸੋਸ ਕਰਨ ਉੱਥੇ ਗਿਆ।ਅੱਡੇ ਉੱਤੇ ਬੱਸ ਵਿਚੋਂ ਉਤਰਿਆ ਤਾਂ ਵਿੰਦਰ ਦੀ ਮਾਂ ਨੇ ਮੇਰੀ ਪਿੱਠ ਪਛਾਣ ਕੇ ਮੈਨੂੰ ਹਾਕ ਮਾਰ ਲਈ। ਹੌਲੀ -ਹੌਲੀ ਮੇਰੀਆਂ ਅੱਖਾਂ ਨੇ ਗਵਾਹੀ ਭਰੀ, ਵਿੰਦਰ ਵੀ ਕੋਲ ਖੜੀ ਸੀ ਉਸ ਨੇ ਮੈਨੂੰ ਸਤਿ ਸ੍ਰੀ ਅਕਾਲ ਕਹੀ। ਉਹਦੇ ਬੁੱਲ੍ਹ ਮਸਾਂ ਹੀ ਫਰਕੇ। ਉਹਦੀ ਨਿਗਾਹ ਧਰਤੀ ਉੱਤੇ ਹੀ ਗੱਡੀ ਰਹੀ।ਉਹਦੀ ਗੋਦੀ ਸਾਲ ਕੁ ਭਰ ਦੀ ਕੁੜੀ ਦੁੱਧ ਚੁੰਘ ਰਹੀ ਸੀ। ਮਲਵੀਂ ਜਿਹੀ ਜੀਭ ਨਾਲ ਉਸ ਨੇ ਅਮਰਜੀਤ ਦੇ ਮੁੰਡੇ ਕੁੜੀਆਂ ਦੀ ਸੁਖ-ਸਾਂਦ ਪੁੱਛੀ। ਮਾਵਾਂ-ਧੀਆਂ ਦੇ ਕੋਲ ਇਕ ਬੰਦਾ ਖੜ੍ਹਾ ਸੀ। ਹੱਥ ਵਿਚ ਕਿਰਪਾਨ, ਮਿਆਨ ਉੱਤੇ ਜ਼ਰ ਖਾਧੇ ਲੋਹੇ ਦੀਆਂ ਪੱਤੀਆਂ। ਉਹਦੀ ਦਾੜੀ ਵਿੱਚ ਕੋਈ ਕੋਈ ਕਾਲਾ ਵਾਲ ਸੀ। ਮਿਚੀਆਂ ਹੋਈਆਂ ਅੱਖਾਂ ਤੇ ਮੋਟਾ ਨਕੌੜਾ। ਕਾਲੇ ਧੂਸ਼ ਰੰਗ ਵਾਲਾ ਖੁਰਦਰਾ ਚਿਹਰਾ। ਵਿੰਦਰ ਦੇ ਨਵੇਂ ਪ੍ਰਾਹੁਣੇ ਨੇ ਮੇਰੇ ਨਾਲ ਹੱਥ ਮਿਲਾਇਆ। ਅਸੀਂ ਮੀਂਹ ਤੇ ਫ਼ਸਲਾਂ ਦੀਆਂ ਗੱਲਾਂ ਛੇੜ ਲਈਆਂ।

208

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ