ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/154

ਇਹ ਸਫ਼ਾ ਪ੍ਰਮਾਣਿਤ ਹੈ

ਕਿਸਮ ਦੀਆਂ ਮਿੱਠੀਆਂ ਗੋਲੀਆਂ, ਨਮਕੀਨ ਪਕੌੜੀਆਂ, ਕਾਲੀ ਸਿਆਹੀ ਦੀਆਂ ਪੁੜੀਆਂ, ਖਟ-ਮਿੱਠਾ ਚੂਰਨ ਤੇ ਅਜਿਹੀਆਂ ਹੀ ਪੰਜ-ਚਾਰ ਹੋਰ ਚੀਜ਼ਾਂ। ਵਿਦਿਆ ਚਰਨ ਦੇ ਕੰਨ ਖਰਾਬ ਸਨ, ਉਹਨੂੰ ਉੱਚਾ ਸੁਣਦਾ। ਇਸ ਕਰਕੇ ਉਹ ਇਸ਼ਾਰਿਆਂ ਨਾਲ ਗੱਲ ਕਰਦਾ। ਉਹਦੀ ਪਿੱਠ ਦਾ ਕੁੱਬ ਨਿਕਲਿਆ ਹੋਇਆ ਸੀ। ਤੁਰਦਾ ਤਾਂ ਲੱਗਦਾ ਜਿਵੇਂ ਉਹਦੀ ਇੱਕ ਲੱਤ ਛੋਟੀ ਹੋਵੇ। ਉਹਦੀ ਦੁਕਾਨ 'ਤੇ ਕੋਈ ਕੋਈ ਸੌਦਾ ਲੈਣ ਜਾਂਦਾ। ਉਹ ਸੱਤ-ਅੱਠ ਜਮਾਤਾਂ ਪੜ੍ਹਿਆ ਹੋਇਆ ਸੀ। ਉਹਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਕਿਤੇ ਉਹਨੂੰ ਪਤਾ ਲੱਗ ਗਿਆ ਕਿ ਮੈਂ ਲੇਖਕ ਹਾਂ ਤੇ ਕਿਤਾਬਾਂ ਛਾਪਦਾ ਹਾਂ। ਉਹਦੀ ਦੁਕਾਨ 'ਤੇ ਜਾਣ ਵਾਲੇ ਮੁੰਡਿਆਂ ਨੇ ਦੱਸਿਆ ਹੋਵੇਗਾ ਜਾਂ ਸ਼ਾਇਦ ਮੇਰੇ ਕਿਸੇ ਸਾਥੀ-ਅਧਿਆਪਕ ਨੇ ਉਹਦੇ ਕੋਲ ਗੱਲ ਕਰ ਦਿੱਤੀ ਹੋਵੇ। ਜਦੋਂ ਕਦੇ ਮੈਂ ਉਹਦੀ ਨਿਗਾਹ ਪੈ ਜਾਂਦਾ ਤੇ ਸਾਡੀ ਅੱਖ ਲੜਦੀ ਤਾਂ ਉਹ ਮੈਨੂੰ ਨਮਸਕਾਰ ਕਰਦਾ। ਮੂੰਹੋਂ ਨਾ ਬੋਲਦਾ, ਬੱਸ ਮੱਥੇ ਨੂੰ ਹੱਥ ਲਾਉਂਦਾ, ਝਟਕਾ ਜਿਹਾ ਮਾਰ ਕੇ। ਤੇ ਫੇਰ ਮੇਰੇ ਵੱਲ ਝਾਕਦਾ ਰਹਿੰਦਾ। ਜਿਵੇਂ ਉਹਨੇ ਮੈਨੂੰ ਕੁਝ ਕਹਿਣਾ ਹੋਵੇ। ਇੱਕ ਦਿਨ ਮੈਂ ਉਹਦੇ ਕੋਲ ਜਾ ਕੇ ਉਹਦੀ ਗੱਲ ਸੁਣੀ। ਉਹਨੇ ਪੁੱਛਿਆ-ਤੁਸੀਂ ਮਾਸਟਰ ਜੀ, ਕਿਤਾਬਾਂ ਛਾਪਦੇ ਓ?'

'ਨਹੀਂ, ਮੈਂ ਲਿਖਦਾਂ ਕਿਤਾਬਾਂ। ਛਾਪਦਾ ਤਾਂ ਕੋਈ ਹੋਰ ਐ।'

'ਅੱਛਾ ਜੀ, ਤੁਸੀਂ ਆਪ ਲਿਖਦੇ ਓ, ਕਿਤਾਬ?' ਉਹਦੇ ਚਿਹਰੇ ਉੱਤੇ ਮੁਸਕਰਾਹਟ ਦਾ ਰੰਗ ਉੱਘੜਿਆ। ਉਂਜ ਇਹ ਚਿਹਰੇ ਵਰਗਾ ਕੋਈ ਚਿਹਰਾ ਨਹੀਂ ਸੀ ਮੁਸਕਰਾਹਟ ਵਰਗੀ ਕੋਈ ਮੁਸਕਰਾਹਟ ਨਹੀਂ ਸੀ। ਉਹਦਾ ਮੱਥਾ ਛੋਟਾ, ਅੱਖਾਂ ਰੀਠੇ ਜਿਹੀਆਂ, ਗੱਲ੍ਹਾਂ ਪਿਚਕੀਆਂ ਹੋਈਆਂ, ਠੋਡੀ ਲੰਮੀ ਤੇ ਨੱਕ ਦੀ ਕੁੰਬਲੀ ਬੈਠਵੀਂ ਸੀ। ਦੇਖਣ ਵਿੱਚ ਬੈਠਾ ਉਹ ਬਾਂਦਰ ਜਿਹਾ ਲੱਗਦਾ। ਦੰਦਾਂ ਤੋਂ ਬੁੱਲ੍ਹ ਪਰ੍ਹੇ ਹਟਾ ਲੈਂਦਾ ਤਾਂ ਲੱਗਦਾ ਜਿਵੇਂ ਹੱਸ ਰਿਹਾ ਹੈ, ਬੁੱਲ੍ਹ ਮੀਚ ਲੈਂਦਾ ਤਾਂ ਲੱਗਦਾ ਜਿਵੇਂ ਰੋ ਪਵੇਗਾ। ਹੁਣ ਜਦੋਂ ਉਹ ਮੁਸਕਰਾਇਆ ਤਾਂ ਬੱਸ ਬੁੱਲ੍ਹਾਂ ਨੂੰ ਦੰਦਾਂ ਤੋਂ ਥੋੜ੍ਹਾ ਪਰ੍ਹੇ ਹਟਾ ਦਿੱਤਾ।

'ਤੂੰ ਪੜ੍ਹੀ ਐ ਕਦੀ ਕੋਈ ਕਿਤਾਬ?' ਮੈਂ ਸਵਾਲ ਕੀਤਾ।

'ਹਾਂ ਜੀ, ਮੈਂ ਤਾਂ ਬਹੁਤ ਪੜ੍ਹਦਾਂ ਕਿਤਾਬਾਂ। ਆਹ ਦੇਖੋ।' ਉਹਨੇ ਮੈਨੂੰ ਬੰਦ ਅਲਮਾਰੀ ਵਿਚੋਂ ਕੱਢ ਕੇ ਇੱਕ ਪੇਪਰ-ਬੈਕ ਕਿਤਾਬ ਦਿਖਾਈ। ਇਹ ਹਿੰਦੀ ਦਾ ਇੱਕ ਜਾਸੂਸੀ ਨਾਵਲ ਸੀ। ਵਿਦਿਆ ਚਰਨ ਉੱਤੇ ਮੈਨੂੰ ਹਾਸਾ ਆਇਆ ਤੇ ਤਰਸ ਵੀ। ਦੁਕਾਨ ਦਾ ਸੌਦਾ ਇਹ ਕੀ ਵੇਚਦਾ ਹੋਵੇਗਾ, ਇਸ ਕਿਸਮ ਦੇ ਨਾਵਲ ਪੜ੍ਹਦਾ ਰਹਿੰਦਾ ਹੈ। ਮੈਂ ਉਹਨੂੰ ਸੁਝਾਓ ਦਿੱਤਾ-'ਤੂੰ ਚੰਗੀਆਂ ਕਿਤਾਬਾਂ ਪੜ੍ਹਿਆ ਕਰ, ਜਿਨ੍ਹਾਂ ਦਾ ਆਮ ਸਮਾਜਿਕ ਜੀਵਨ ਨਾਲ ਸੰਬੰਧ ਹੋਵੇ।'

'ਕਿਵੇਂ ਜੀ?' ਮੇਰੀ ਗੱਲ ਉਹਦੇ ਦਿਮਾਗ਼ ਵਿੱਚ ਨਹੀਂ ਬੈਠੀ ਹੋਵੇਗੀ। ਮੈਂ ਕਿਹਾ-'ਤੈਨੂੰ ਮੈਂ ਲਿਆ ਕੇ ਦੇਊਂਗਾ ਕੋਈ ਕਿਤਾਬ। ਉਹ ਪੜ੍ਹੀਂ। ਮੇਰੀ ਇਸ ਗੱਲ ਉੱਤੇ ਉਹਨੇ ਫੇਰ ਆਪਣੇ ਬੁੱਲ੍ਹ ਦੰਦਾਂ ਤੋਂ ਪਰ੍ਹੇ ਹਟਾਏ।

ਤੇ ਫਿਰ ਮੈਂ ਉਹਨੂੰ ਸਕੂਲ-ਲਾਇਬਰੇਰੀ ਵਿਚੋਂ ਕਢਵਾ ਕੇ ਕੁਲਵੰਤ ਸਿੰਘ ਵਿਰਕ ਦਾ ਇੱਕ ਕਹਾਣੀ-ਸੰਗ੍ਰਹਿ ਦਿੱਤਾ। ਦੂਜੇ ਦਿਨ ਉਹ ਕਹਿੰਦਾ-ਇਹ ਤਾਂ ਛੇਤੀ ਮੁੱਕ ਜਾਂਦੀਆਂ ਨੇ। ਕੋਈ ਲੰਮੀ ਚੀਜ਼ ਹੋਵੇ।' ਮੈਂ ਸਮਝ ਗਿਆ ਉਹਨੂੰ ਨਾਵਲ ਪੜ੍ਹਨ ਦੀ

154

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ