ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/150

ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਮਨ ਵਿੱਚ ਇੱਕ ਦਿਨ ਖਾਹਸ਼ ਉੱਠੀ, ਕੈਲੋ ਇਕੱਲੀ ਨੂੰ ਘਰ ਸੱਦਾਂ। ਥੋੜ੍ਹਾ ਜਿਹਾ ਉਸ ਨਾਲ ਖੁਲ੍ਹ ਕੇ, ਉਸਨੂੰ ਪੁੱਛਾਂ-'ਕੀ ਤੂੰ ਸੱਚੀਂ ਪੜ੍ਹੇ ਹੋਏ ਮੁੰਡੇ ਨਾਲ ਵਿਆਹ ਕਰਾਏਂਗੀ?' ਘਰ ਵਾਲੀ ਨੂੰ ਮੈਂ ਦੱਸਿਆ ਕਿ ਮੇਰੇ ਹੱਥ ਵਿੱਚ ਇੱਕ ਪੜ੍ਹਿਆ ਹੋਇਆ ਮੁੰਡਾ ਹੈ। ਪੱਕੀ ਸਰਕਾਰੀ ਨੌਕਰੀ 'ਤੇ ਲੱਗਿਆ ਹੋਇਆ ਹੈ। ਸੋਹਣਾ ਸੁਲੱਖਾ ਹੈ। ਚਾਹੁੰਦਾ ਹੈ, ਕੁੜੀ ਪੜ੍ਹੀ ਹੋਈ ਹੋਵੇ, ਪਰ ਹੋਵੇ ਸੁੰਦਰ। ਦੇਵੇ ਲਵੇਂ ਭਾਵੇਂ ਕੋਈ ਕੱਖ ਵੀ ਨਾ।

ਘਰ ਵਾਲੀ ਨੇ ਕੈਲੋ ਕੋਲ ਗੱਲ ਛੇੜੀ ਤੇ ਉਹ ਸਾਡੇ ਘਰ ਵੀ ਆ ਗਈ। ਮੈਂ ਹੈਰਾਨ ਸਾਂ ਕਿ ਨੌਵੀਂ ਜਮਾਤ ਵਿੱਚ ਪੜ੍ਹਦੀ ਕੁੜੀ ਕਿੰਨੀ ਦਲੇਰ ਹੈ। ਆਪਣੇ ਜੀਵਨ ਦਾ ਉਸ ਨੂੰ ਕਿੰਨਾ ਖ਼ਿਆਲ ਹੈ। ਉਸ ਦਿਨ ਤਾਂ ਉਹ ਬੜੀ ਹੀ ਸਾਊ ਜਿਹੀ ਲੱਗ ਰਹੀ ਸੀ। ਗੰਭੀਰ ਬਣੀ ਬੈਠੀ ਸੀ। ਸਕੂਲ ਵਾਲੀ ਕੈਲੋ ਤਾਂ ਉਹ ਹੈ ਹੀ ਨਹੀਂ ਸੀ। ਮੰਜੇ ਉੱਤੇ ਬੈਠੇ ਨੇ, ਅੰਦਰਲੇ ਕਮਰੇ ਦੀ ਦੇਹਲੀ ਉੱਤੇ ਬੈਠੀ ਕੈਲੋ ਵੱਲ ਝਾਕ ਕੇ ਮੈਂ ਕਿਹਾ-'ਆ 'ਗੀ ਕੈਲੋ?' ਉਸ ਨੇ ਪਰਲੇ ਪਾਸੇ ਮੂੰਹ ਫੇਰ ਲਿਆ। ਨਿੰਮ੍ਹਾ ਜਿਹਾ ਹੱਸੀ ਵੀ ਜਾਂ ਸ਼ਾਇਦ ਮੁਸਕਰਾਈ ਹੀ ਹੋਵੇ। ਪਰ ਮੈਨੂੰ ਚਾਂਦੀ ਦੇ ਨਿੱਕੇ-ਨਿੱਕੇ ਘੁੰਗਰੂ ਛਣਕਣ ਜਿਹੀ ਆਵਾਜ਼ ਸੁਣਾਈ ਜ਼ਰੂਰ ਦਿੱਤੀ। ਮੈਨੂੰ ਮੇਰਾ ਅੰਦਰਲਾ ਪਾਲਾ ਮਾਰ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਗੱਲ ਕਿਵੇਂ ਛੇੜਾਂ?

ਕੈਲੋ ਕੁਝ ਵੀ ਨਹੀਂ ਬੋਲੀ। ਮੇਰੀ ਘਰ ਵਾਲੀ ਗੱਲ ਕਹਿੰਦੀ ਤੇ ਮੈਂ ਹੁੰਗਾਰਾ ਭਰਦਾ। ਜਿਵੇਂ ਕੈਲੋ ਗੱਲ ਕਹਿੰਦੀ ਹੋਵੇ ਤੇ ਮੈਂ ਹੁੰਗਾਰਾ ਭਰਦਾ ਹੋਵਾਂ। ਮੈਂ ਕੋਈ ਗੱਲ ਕਹਿੰਦਾ ਤਾਂ ਮੇਰੀ ਘਰ ਵਾਲੀ ਹੁੰਗਾਰਾ ਭਰਦੀ ਜਿਵੇਂ ਮੈਂ ਕੋਈ ਗੱਲ ਕਹਿੰਦਾ ਹੋਵਾਂ ਤੇ ਕੈਲੋ ਹੁੰਗਾਰਾ ਭਰਦੀ ਹੋਵੇ। ਇਸ ਤਰ੍ਹਾਂ ਹੀ ਅਸੀਂ ਸਾਰੀਆਂ ਗੱਲਾਂ ਕਰ ਲਈਆਂ। ਜਦ ਮੈਂ ਬੋਲ ਰਿਹਾ ਹੁੰਦਾ, ਕੈਲੋ ਘਰ ਵਾਲੀ ਵੱਲ ਝਾਕ ਰਹੀ ਹੁੰਦੀ। ਜਦ ਮੇਰੀ ਘਰ ਵਾਲੀ ਬੋਲ ਰਹੀ ਹੁੰਦੀ ਤਾਂ ਕੈਲੋ ਮੇਰੇ ਵੱਲ ਝਾਕ ਰਹੀ ਹੁੰਦੀ।

'ਚੰਗਾ ਫੇਰ ਮੈਂ ਉਸ ਮੁੰਡੇ ਨਾਲ ਗੱਲ ਕਰੂੰਗਾ' ਅੰਤ ਵਿੱਚ ਮੈਂ ਕਿਹਾ। ਕੈਲੋ ਸਿਆਣੀ ਜਿਹੀ ਬਣੀ ਆਪਣੇ ਘਰ ਨੂੰ ਚਲੀ ਗਈ। ਉਸ ਦੇ ਜਾਣ ਪਿੱਛੋਂ ਅਸੀਂ ਡਰੇ, ਕਿਤੇ ਕੈਲੋ ਦੇ ਮਾਂ-ਪਿਓ ਇਸ ਗੱਲ ਨੂੰ ਬੁਰਾ ਨਾ ਮਨਾਉਣ।

ਇਸ ਤੋਂ ਬਾਅਦ ਕੈਲੋ ਸਾਡੇ ਘਰ ਨਹੀਂ ਸੀ ਆਉਂਦੀ। ਕਦੇ-ਕਦੇ ਆਉਂਦੀ। ਮੇਰੀ ਘਰ ਵਾਲੀ ਕੋਲ ਇਹੋ ਗੱਲ ਛੇੜਦੀ-'ਵਿਆਹ ਕਰੌਣੈ ਤਾਂ ਪੜ੍ਹੇ ਹੋਏ ਮੁੰਡੇ ਨਾਲ ਕਰੌਣੈ, ਨਹੀਂ ਤਾਂ ਕਰੌਣਾ ਨਹੀਂ। ਖੂਹ 'ਚ ਛਾਲ ਮਾਰਨੀ ਮੰਨਜ਼ੂਰ, ਅਣਪੜ੍ਹ ਦੇ ਮਗਰ ਨੀ ਲੱਗਣਾ।'

ਸਕੂਲ ਵਿੱਚ ਉਹ ਚੁੱਪ ਕੀਤੀ ਰਹਿੰਦੀ। ਹੁਣ ਮੈਂ ਹੈਰਾਨ ਇਸ ਗੱਲ ਤੋਂ ਹੁੰਦਾ ਕਿ ਪਹਿਲਾਂ ਵਾਲੀ ਕੈਲੋ ਉਹ ਕਿਉਂ ਨਹੀਂ ਰਹੀ। ਨਾ ਕਿਸੇ ਕੁੜੀ ਨਾਲ ਆਕੜਦੀ, ਨਾ ਚੂੰਢੀ ਵੱਢਦੀ। ਮੈਂ ਜਦ ਉਹਨਾਂ ਦੀ ਜਮਾਤ ਵਿੱਚ ਪੜ੍ਹਾਉਣ ਜਾਂਦਾ ਤਾਂ ਉਹ ਹੋਰ ਪਿਚਕ ਜਾਂਦੀ। ਸਕੂਲ 'ਚ ਉਹ ਮੇਰੇ ਨਾਲ ਗੱਲ ਵੀ ਕੋਈ ਨਾ ਕਰਦੀ, ਮੇਰੀ ਘਰ ਵਾਲੀ ਕੋਲ ਹੀ ਉਹ ਕਦੇ ਕਦੇ ਆਉਂਦੀ। ਜੋ ਕੁਝ ਉਹ ਕਹਿੰਦੀ ਮੇਰੀ ਘਰ ਵਾਲੀ ਮੈਨੂੰ ਦੱਸ ਦਿੰਦੀ। ਜੇ ਕੁਝ ਮੈਂ ਕਹਿੰਦਾ, ਮੇਰੀ ਘਰ ਵਾਲੀ ਕੈਲੋ ਨੂੰ ਦੱਸ ਦਿੰਦੀ।

150

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ