ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/145

ਇਹ ਸਫ਼ਾ ਪ੍ਰਮਾਣਿਤ ਹੈ

ਰਹੀ। ਉਸ ਦਾ ਪਤੀ ਪੰਜਵੇਂ ਸੱਤਵੇਂ ਦਿਨ ਪਿੰਡ ਆਉਂਦਾ। ਬਹੁਤੀਆਂ ਰਾਤਾਂ ਬਾਹਰ ਕੱਟਦਾ। ਜਦ ਆਉਂਦਾ ਤਾਂ ਸਿੱਧੇ ਮੂੰਹ ਗੱਲ ਨਹੀਂ ਸੀ ਕਰਦਾ। ਮਲਕੀਤ ਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਉਸ ਦੇ ਪੇਕੇ-ਘਰ ਤੇ ਸਹੁਰੇ-ਘਰ ਵਿੱਚ ਕੋਈ ਫ਼ਰਕ ਨਹੀਂ। ਉਥੇ ਤਨਖ਼ਾਹ ਉਹਦਾ ਪਿਓ ਫੜ ਲੈਂਦਾ ਸੀ ਤੇ ਏਥੇ ਉਹਦਾ ਪਤੀ ਫੜ ਲੈਂਦਾ ਹੈ।

ਡਾਕਖ਼ਾਨੇ ਦੀ ਕਾਪੀ ਵਿੱਚ ਵੀ ਦੋ ਹਜ਼ਾਰ ਰਹਿ ਗਿਆ। ਕਦੇ ਦੋ ਸੌ ਕਢਾ ਲਿਆ ਕਦੇ ਪੰਜ ਸੌ ਕਢਾ ਲਿਆ। ਉਹਦੇ ਪਤੀ ਨੇ ਮਹਿੰਗੀਆਂ-ਮਹਿੰਗੀਆਂ ਪੈਂਟਾਂ ਸਿਲਾਈਆਂ ਤੇ ਮਹਿੰਗੇ ਮਹਿੰਗੇ ਸੂਟ ਬਣਵਾ ਲਏ। ਚਾਰ-ਚਾਰ ਜੋੜੀਆਂ ਬੂਟਾਂ ਦੀਆਂ ਤੇ ਛੀ-ਛੀ ਪੱਗਾਂ। ਦੋਸਤਾਂ ਦੀਆਂ ਢਾਣੀਆਂ ਵਿੱਚ ਬਹਿ ਕੇ ਸ਼ਰਾਬ ਮੂੰਹੇਂ ਮੁਸਲੀ ਅੰਨ੍ਹੀ ਕਰ ਰੱਖੀ ਸੀ। ਜਦ ਉਹ ਪਿੰਡ ਆਉਂਦਾ, ਉਹਦੀ ਜੇਬ ਖਾਲੀ ਹੁੰਦੀ। ਉਹਦੇ ਭਾਣਜੇ ਦਾ ਵਿਆਹ ਸੀ। ਉਹ ਹਜ਼ਾਰ ਰੁਪਈਆ ਉਸ ਦੇ ਵਿਆਹ ਉੱਤੇ ਚੱਬ ਆਇਆ।

ਉਹ ਜਦ ਜੇ.ਬੀ.ਟੀ. ਵਿੱਚ ਪੜ੍ਹਦੀ ਹੁੰਦੀ, ਉਹਦੀ ਜਮਾਤਣ ਸੀ, ਸ਼ਰਨਪਾਲ। ਸ਼ਰਨਪਾਲ ਪੁੱਜ ਕੇ ਬਹੁੜੀ ਸੋਹਣੀ ਤਾਂ ਨਹੀਂ ਸੀ, ਪਰ ਦੇਖਣ ਨੂੰ ਚੰਗੀ ਲੱਗਦੀ ਸੀ। ਉਨ੍ਹਾਂ ਦੇ ਨਾਲ ਹੀ ਪੜ੍ਹਦਾ ਇੱਕ ਮੁੰਡਾ ਜਿਹੜਾ ਘਰੋਂ ਬੜਾ ਚੰਗਾ ਸੀ, ਤੇ ਸੋਹਣਾ ਵੀ, ਸ਼ਰਨਪਾਲ ਨੂੰ ਛੇੜਦਾ ਰਹਿੰਦਾ। ਉਹ ਇੱਕ ਦਿਨ ਜੁੱਤੀ ਕੱਢ ਕੇ ਉਸ ਨੂੰ ਕਹਿੰਦੀ-'ਵੱਡਾ ਬਣਿਆ ਫਿਰਦੈਂ, ਆਵਦੇ ਪਿਓ ਦੇ ਘਰ ਹੋਏਂਗਾ। ਬਿਗਾਨੇ ਘਰਾਂ ਦੀ ਇੱਜ਼ਤ ਨੂੰ ਤੂੰ ਕੀ ਸਮਝਦੈਂ ਵੇ?'

'ਨਾ ਮੈਂ ਵੱਡਾ ਆਂ, ਨਾ ਵੱਡੇ ਪਿਓ ਦਾ ਪੁੱਤ ਆਂ। ਨਾ ਤੂੰ ਮੇਰੇ ਵਾਸਤੇ ਬਿਗਾਨੇ ਘਰ ਦੀ ਇੱਜ਼ਤ ਐਂ। ਤੈਨੂੰ ਮੇਰੀ ਸ਼ਰਾਰਤ ਨਹੀਂ ਛੇੜਦੀ, ਮੇਰੀ ਮਜਬੂਰੀ ਛੇੜਦੀ ਐ।' ਉਸ ਮੁੰਡੇ ਦੇ ਬੋਲਾਂ ਵਿੱਚ ਨਰਮੀ ਸੀ, ਤੇ ਤਰਲਾ ਸੀ। ਗੱਲ ਵਧਦੀ ਗਈ ਤੇ ਜੇ.ਬੀ.ਟੀ. ਦੇ ਇਮਤਿਹਾਨ ਪਿਛੋਂ ਸ਼ਰਨਪਾਲ ਦੀ ਉਸ ਮੁੰਡੇ ਨਾਲ ਮੰਗਣੀ ਹੋ ਗਈ।

ਮਲਕੀਤ ਜਦ ਕਦੇ ਹੁਣ ਸ਼ਰਨਪਾਲ ਨੂੰ ਆਪਣੇ ਧਿਆਨ ਵਿੱਚ ਲਿਆਉਂਦੀ, ਤਾਂ ਉਸ ਦੇ ਅੰਦਰੋਂ ਇੱਕ ਵੱਡਾ ਸਾਰਾ ਹਉਕਾ ਨਿਕਲ ਕੇ ਉਸ ਦੀ ਹਿੱਕ ਉੱਤੇ ਪਰਬਤ ਧਰ ਜਾਂਦਾ।

ਓਦੋਂ ਹੀ ਜੇ.ਬੀ.ਟੀ. ਵਿੱਚ ਜਦ ਉਹ ਪੜ੍ਹਾਈ ਹੁੰਦੀ, ਤਾਂ ਇੱਕ ਮੁੰਡਾ ਉਸ ਵੱਲ ਵੀ ਅੱਖ ਰੱਖਦਾ ਸੀ।ਮੁੰਡਾ ਉਹ ਸੀ ਬੜਾ ਸਾਊ। ਇੱਕ ਦਿਨ ਮਲਕੀਤ ਦੀ ਇੱਕ ਕਾਪੀ ਚੁੱਕ ਕੇ ਉਸ ਮੁੰਡੇ ਨੇ ਉਸ ਉੱਤੇ ਆਪਣਾ ਨਾਉਂ ਲਿਖ ਦਿੱਤਾ। ਮਲਕੀਤ ਨੇ ਜਦੋਂ ਦੇਖਿਆ, ਤਾਂ ਸਾਰੀਆਂ ਕੁੜੀਆਂ ਵਿੱਚ ਰੌਲਾ ਪਾ ਦਿੱਤਾ। ਡੁਸਕਣ ਲੱਗ ਪਈ ਤੇ ਹੈਡਮਾਸਟਰ ਕੋਲ ਜਾ ਕੇ ਸ਼ਕਾਇਤ ਲਾ ਦਿੱਤੀ। ਹੈਡਮਾਸਟਰ ਨੇ ਉਸ ਮੁੰਡੇ ਨੂੰ ਝਿੜਕਿਆ, ਧਮਕਾਇਆ ਤੇ ਦੋ ਰੁਪਈਏ ਜਰਮਾਨਾ ਕਰ ਦਿੱਤਾ। ਕਸੂਰ ਭਾਵੇਂ ਵੱਡਾ ਨਹੀਂ ਸੀ ਤੇ ਸਜ਼ਾ ਵੀ ਵੱਡੀ ਨਹੀਂ ਸੀ ਮਿਲੀ, ਪਰ ਮੁੰਡਾ ਬਹੁਤ ਵੱਡੀ ਨਮੋਸ਼ੀ ਮੰਨ ਗਿਆ ਤੇ ਜੇ.ਬੀ.ਟੀ. ਵਿੱਚੇ ਛੱਡ ਕੇ ਕਿਸੇ ਬੱਸ ਦਾ ਕੰਡਕਟਰ ਜਾ ਲੱਗਿਆ।

ਸ਼ਰਨਪਾਲ ਜਦ ਵੀ ਮਲਕੀਤ ਦੇ ਧਿਆਨ ਵਿੱਚ ਆ ਜਾਂਦੀ, ਤਾਂ ਉਹ ਮੁੰਡਾ ਵੀ ਮਲਕੀਤ ਦੇ ਖ਼ਿਆਲਾਂ ਵਿੱਚ ਆ ਉਤਰਦਾ। ਜੇ ਉਸ ਨੂੰ ਜੁਰਮਾਨਾ ਨਾ ਹੁੰਦਾ ਤੇ ਉਹ ਐਡੀ ਵੱਡੀ ਨਮੋਸ਼ੀ ਨਾ ਮੰਨਦਾ, ਤਾਂ ਸ਼ਾਇਦ ਸਕੂਲ ਨਾ ਹੀ ਛੱਡਦਾ। ਜੇ ਉਹ ਉਸ ਦੀ

ਕੜਬ ਦੇ ਟਾਂਡੇ

145