ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/13

ਇਹ ਸਫ਼ਾ ਪ੍ਰਮਾਣਿਤ ਹੈ

ਟੁੰਡਾ

ਮੇਰਾ ਨਵਾਂ ਕਹਾਣੀ-ਸੰਗ੍ਰਹਿ ਪ੍ਰੈੱਸ ਵਿੱਚ ਸੀ।

ਉਹਨਾਂ ਦਿਨਾਂ ਵਿੱਚ ਕਈ ਵਾਰ ਮੈਨੂੰ ਜਲੰਧਰ ਜਾਣਾ ਪਿਆ ਸੀ। ਰਾਤ ਦੀ ਗੱਡੀ ਜਾ ਕੇ ਅਗਲੀ ਸਵੇਰ ਸਾਰਾ ਦਿਨ ਕੰਮ ਕਰਦਾ ਤੇ ਫਿਰ ਓਸੇ ਦਿਨ ਦੀ ਗੱਡੀ ਹੀ ਵਾਪਸ ਆ ਜਾਂਦਾ। ਸਾਡੇ ਵੱਲ ਧੂਰੀ ਨੂੰ ਆਉਣ ਵਾਲੀ ਗੱਡੀ ਜਲੰਧਰ ਸਾਢੇ ਬਾਰਾਂ, ਪੌਣੇ ਇੱਕ ਆਉਂਦੀ। ਰੋਟੀ ਖਾਣ ਤੇ ਫਿਰ ਪ੍ਰੈੱਸ ਵਿੱਚ ਹੀ ਕਿਸੇ ਨਾਲ ਯੱਕੜ ਮਾਰ-ਮਾਰ ਕੇ ਮਸਾਂ ਦਸ ਵੱਜਦੇ। ਤੇ ਫਿਰ ਅਗਲੀ ਤਰੀਕ ਦਾ ਅਖ਼ਬਾਰ ਵੀ ਆਊਟ ਹੋ ਚੁੱਕਿਆ ਹੁੰਦਾ, ਪਰਚਾ ਫੋਲਡ ਕਰਨ ਵਾਲੇ ਕਾਮਿਆਂ ਤੋਂ ਲੈ ਕੇ ਉਹ ਵੀ ਪੜ੍ਹ ਲਿਆ ਜਾਂਦਾ। ਇੱਕ ਘੰਟੇ ਦੀ ਲੰਬੀ ਉਡੀਕ ਤੇ ਅਕੇਵੇਂ ਦੇ ਬਾਅਦ ਮੁਸ਼ਕਲ ਨਾਲ ਗਿਆਰਾਂ ਵਜਾਏ ਜਾਂਦੇ। ਆਖ਼ਰ ਸਟੇਸ਼ਨ 'ਤੇ ਆ ਕੇ ਬੈਠਣਾ ਪੈਂਦਾ। ਪ੍ਰੈੱਸ ਵਿੱਚੋਂ ਚੋਰੀਓਂ ਲਿਆਂਦਾ ਅਖ਼ਬਾਰ ਦੂਜੀ ਵਾਰ ਪੜ੍ਹਨ ਤੋਂ ਬਿਨਾਂ ਵਕਤ-ਕਟੀ ਦਾ ਹੋਰ ਕੋਈ ਸਾਧਨ ਨਾ ਲੱਭਦਾ।

ਉਸ ਦਿਨ ਵੀ ਕੋਈ ਸਾਢੇ ਗਿਆਰਾਂ ਦੇ ਕਰੀਬ ਮੁਸਾਫ਼ਰਖ਼ਾਨੇ ਵਿੱਚ ਟਿਕਟਾਂ ਵਾਲੀਆਂ ਖਿੜਕੀਆਂ ਸਾਹਮਣੇ ਇੱਕ ਬੈਂਚ ਉੱਤੇ ਬੈਠਾ ਮੈਂ ਅਖ਼ਬਾਰ ਪੜ੍ਹ ਰਿਹਾ ਸਾਂ। ਉਹ ਮੁਸਾਫ਼ਰਖ਼ਾਨੇ ਦੇ ਗੇਟ ਉੱਤੇ ਆਪਣੀ ਹੀ ਮੌਜ ਵਿੱਚ ਇੱਕ ਗਾਰਡਰ ਦੀ ਢੋਹ ਲਾਈ ਖੜ੍ਹਾ ਸੀ। ਜਦ ਕਦੇ ਵੀ ਮੈਂ ਰਾਤ ਦੀ ਗੱਡੀ ਲੈਣ ਏਥੇ ਆਇਆ ਸਾਂ, ਉਸ ਨੂੰ ਹਮੇਸ਼ਾ ਇਸ ਥਾਂ ਖੜ੍ਹੇ ਹੀ ਦੇਖਿਆ ਸੀ। ਆਪਣੀ ਹੀ ਮੌਜ ਵਿੱਚ। ਗਿਆਰਾਂ-ਬਾਰਾਂ ਵਜੇ ਰਾਤ ਗਈ ਤੱਕ ਉਹ ਇਥੇ ਕਿਉਂ ਖੜ੍ਹਾ ਰਹਿੰਦਾ ਸੀ? ਕੀ ਉਸ ਦਾ ਕੋਈ ਘਰ ਨਹੀਂ ਸੀ? ਉਸ ਨੂੰ ਕਿਸ ਦੀ ਉਡੀਕ ਸੀ? ਅਖ਼ਬਾਰ ਪੜ੍ਹਦਿਆਂ ਇੱਕ ਦੋ ਵਾਰ ਸਰਸਰੀ ਹੀ ਮੈਂ ਉਸ ਵੱਲ ਝਾਕਿਆ ਸਾਂ। ਫਿਰ ਮੈਂ ਦੇਖਿਆ, ਉਹ ਮੇਰੇ ਵੱਲ ਹੀ ਤੁਰਿਆ ਆ ਰਿਹਾ ਸੀ। ਖਾਕੀ ਮੈਲੀ ਪੈਂਟ, ਗੋਡਿਆਂ ਕੋਲੋਂ ਕੁਝ ਜ਼ਿਆਦਾ ਹੀ ਘਸੀ ਹੋਈ ਦਿਸਦੀ ਸੀ। ਕਿਸੇ ਮੋਟੇ ਜਿਹੇ ਕਪੜੇ ਦੀ ਘਸਮੈਲੀ ਜਿਹੀ ਬੁਰਸ਼ਟ। ਪੈਰਾਂ ਵਿੱਚ ਚਿੱਟੇ ਫਲੀਟ। ਪਰ ਉਹ ਐਨੇ ਪੁਰਾਣੇ ਹੋ ਚੁੱਕੇ ਸਨ ਕਿ ਚਿੱਟੇ ਨਹੀਂ ਲੱਗਦੇ ਸਨ। ਚੀਚੀਆਂ ਬਾਹਰ ਨਿਕਲੀਆਂ ਹੋਈਆਂ ਸਨ। ਮਾਵਾ ਦਿੱਤੀ ਪੱਗ, ਲੱਗਦਾ ਸੀ ਕਈ ਹਫ਼ਤਿਆਂ ਤੋਂ ਪਾਣੀ ਲਾ ਕੇ ਬੰਨ੍ਹੀ ਹੋਵੇਗੀ। ਸੇਲ੍ਹੀਆਂ ਤੇ ਮੱਥੇ ਕੋਲੋਂ ਬਹੁਤ ਗੰਦੀ ਹੋ ਚੁੱਕੀ ਸੀ, ਉੱਤੇ ਵੀ ਥਾਂ-ਥਾਂ ਦਾਗ਼ ਸਨ। ਉਹ ਮੇਰੇ ਕੋਲ, ਪਰ ਕੁਝ ਕੁ ਦੂਰੀ 'ਤੇ ਆ ਕੇ ਖਲੋ ਗਿਆ। ਮੇਰੇ ਵੱਲ ਨਹੀਂ, ਦੂਜੇ ਪਾਸੇ ਦੂਰ ਬੈਠੇ ਲੋਕਾਂ ਵੱਲ ਤੱਕ ਰਿਹਾ।..ਮੇਰਾ ਧਿਆਨ ਹੁਣ ਅਖ਼ਬਾਰ ਵੱਲ ਘੱਟ ਤੇ ਟਿਕਟਾਂ ਵਾਲੀ ਖਿੜਕੀ ਵੱਲ ਬਹੁਤਾ ਸੀ। ਮੈਨੂੰ ਪਤਾ ਸੀ, ਮੇਰੇ ਵਾਲੀ ਖਿੜਕੀ

ਟੁੰਡਾ

13