ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/113

ਇਹ ਸਫ਼ਾ ਪ੍ਰਮਾਣਿਤ ਹੈ

ਅੰਗ-ਸੰਗ। ਜੋਗਿੰਦਰ ਦੀ ਦੇਹ ਉਹਨੂੰ ਕਿਰਪਾਲ ਦੀ ਦੇਹ ਲੱਗਦੀ। ਉਹ ਉਹਦਾ ਭਾਈ ਹੀ ਤਾਂ ਸੀ, ਹੋਰ ਕੋਈ ਦੂਜਾ ਨਹੀਂ ਸੀ। ਉਹਨੂੰ ਕਿਰਪਾਲ ਤੇ ਜੋਗਿੰਦਰ ਇੱਕ-ਦੂਜੇ ਵਿੱਚ ਅਭੇਦ ਹੋ ਗਏ ਲੱਗਦੇ।

ਤੇ ਉਸ ਦਿਨ ਜਿਵੇਂ ਟਿਕੇ-ਨਿੱਤਰੇ ਪਾਣੀਆਂ ਉੱਤੇ ਚਾਣਚੱਕ ਗਾਰੇ ਲਿੱਬੜੇ ਇੱਟਾਂ-ਰੋੜਿਆਂ ਦੀ ਬਾਰਸ਼ ਹੋਣ ਲੱਗ ਪਈ ਹੋਵੇ।

ਤਿੰਨੇ ਜਣੇ ਅਜੀਬ ਮਾਨਸਿਕ ਤਣਾਓ ਵਿੱਚ ਦੀ ਲੰਘ ਰਹੇ ਸਨ। ਪ੍ਰੀਤਮ ਕੌਰ ਨਾ ਮਰਦੀ ਸੀ, ਨਾ ਜਿਉਂਦੀ। ਉਹ ਕੀਹਨੂੰ ਛੱਡੇ, ਕੀਹਨੂੰ ਰੱਖੇ। ਕਿਰਪਾਲ ਜਿਵੇਂ ਉਹਨੂੰ ਅਗਲਾ ਜਨਮ ਧਾਰ ਕੇ ਮਿਲ ਪਿਆ ਹੋਵੇ। ਜੇ ਉਹਦਾ ਬਿਸਤਰਾ ਘਰ ਆ ਗਿਆ ਸੀ ਤਾਂ ਇਸ ਵਿੱਚ ਉਹਦਾ ਕੀ ਕਸੂਰ ਸੀ। ਓਧਰ ਜੋਗਿੰਦਰ ਉਹਦੇ ਲਈ ਉਨਾ ਹੀ ਪਿਆਰਾ ਸੀ। ਉਹਨੇ ਉਹਨੂੰ ਆਪਣਾ ਪਤੀ ਮੰਨਿਆ ਹੋਇਆ ਸੀ। ਉਹਦੇ ਜੁਆਕ ਜੰਮੇ ਸਨ। ਇਸ ਹਾਲਤ ਵਿੱਚ ਉਹਨੂੰ ਕਿਵੇਂ ਧੱਕਾ ਦੇ ਸਕਦੀ?

ਕਿਰਪਾਲ ਗੁੰਮ-ਸੁੰਮ ਬਣਿਆ ਰਹਿੰਦਾ। ਉਹ ਸੋਚਦਾ, ਇਸ ਨਾਲੋਂ ਤਾਂ ਉਹ ਮਰਿਆ ਹੀ ਚੰਗਾ ਸੀ। ਕਾਹਨੂੰ ਆਇਆ ਉਹ ਆਪਣੀ ਲੋਥ ਲੈਕੇ ਆਪਣੇ ਦੇਸ਼ ਵਿੱਚ, ਆਪਣੇ ਪਿੰਡ, ਆਪਣੇ ਘਰ। ਇਹ ਘਰ ਹੁਣ ਉਹਦਾ ਆਪਣਾ ਕਿੱਥੇ ਰਹਿ ਗਿਆ। ਮੁਲਕਾਂ ਨੇ ਤਾਂ ਇੱਕ-ਦੂਜੇ ਦੇ ਇਲਾਕੇ ਜਿੱਤ ਕੇ ਫੇਰ ਮੋੜ ਦਿੱਤੇ ਤੇ ਸਮਝੌਤਾ ਕਰ ਲਿਆ, ਪਰ ਉਹ ਆਪਣੀ ਜ਼ਿੰਦਗੀ ਦੀ ਬਾਜ਼ੀ ਸਦਾ ਲਈ ਹਾਰ ਗਿਆ। ਕੀ ਕਰੇ ਉਹ ਹੁਣ? ਕਿੱਧਰ ਜਾਵੇ? ਉਹਦੀ ਔਰਤ, ਉਹਦਾ ਇਲਾਕਾ ਸੀ। ਇਸ ਉੱਤੇ ਕਬਜ਼ਾ ਕਰਨ ਵਾਲਾ ਵੀ ਉਹਦਾ ਆਪਣਾ ਸੀ। ਉਹਦਾ ਸਕਾ ਛੋਟਾ ਭਾਈ।

ਰਾਤ ਨੂੰ ਪੀਤਮ ਕੌਰ ਕਿਰਪਾਲ ਕੋਲ ਮੰਜਾ ਡਾਹੁੰਦੀ। ਹਨੇਰੇ ਦੀ ਬੁੱਕਲ ਵਿੱਚ ਗੱਲਾਂ ਕਰਦਿਆਂ ਕਿਰਪਾਲ ਨੂੰ ਲੱਗਦਾ ਜਿਵੇਂ ਹਨੇਰੇ ਨਾਲ ਹੀ ਗੱਲ ਕਰਦਾ ਹੋਵੇ। ਕਈ ਵਾਰ ਕੰਧਾਂ ਵੀ ਹੁੰਗਾਰਾ ਭਰ ਦਿੰਦੀਆਂ ਨੇ ਪਰ ਪ੍ਰੀਤਮ ਕੌਰ ਕੰਧ ਤੋਂ ਵੀ ਦੂਰ ਦੀ ਕੋਈ ਚੀਜ਼ ਸੀ। ਉਹ ਗੱਲਾਂ ਦੇ ਪੁੱਠੇ-ਸਿੱਧੇ ਜਵਾਬ ਦਿੰਦੀ। ਉਹਨੂੰ ਕੋਈ ਪਤਾ ਨਾ ਹੁੰਦਾ ਕਿ ਉਹਨੂੰ ਕੀ ਪੁੱਛਿਆ ਜਾ ਰਿਹਾ ਹੈ ਤੇ ਉਹ ਕੀ ਜਵਾਬ ਦੇ ਰਹੀ ਹੈ।

ਜੋਗਿੰਦਰ ਨੂੰ ਵੱਡੇ ਭਾਈ ਦੀ ਖ਼ੁਸ਼ੀ ਅੰਤਾਂ ਦੀ ਸੀ ਕਿ ਉਹ ਜਿਉਂਦਾ-ਜਾਗਦਾ ਘਰ ਵਾਪਸ ਆ ਗਿਆ ਹੈ। ਪਰ ਉਹਨੂੰ ਅਜੀਬ ਕਿਸਮ ਦਾ ਅਫ਼ਸੋਸ ਵੀ ਬਹੁਤ ਸੀ। ਇਹ ਕੀ ਹੋ ਗਿਆ ਹੈ? ਉਹ ਕੀ ਕਰ ਬੈਠਾ? ਉਹ ਸੋਚਦਾ ਤੇ ਮੱਥੇ ਦੀ ਠੀਕਰੀ ਨੂੰ ਹੱਥ ਵਿੱਚ ਘੁੱਟ ਕੇ ਸੋਚਦਾ ਹੀ ਰਹਿ ਜਾਂਦਾ। ਇਸ ਨਾਲ ਤਾਂ ਚੰਗਾ ਸੀ, ਉਹ ਪੀਤਮ ਕੌਰ ਨਾਲ ਪਤੀ-ਪਤਨੀ ਵਾਲੇ ਸਬੰਧ ਪੈਦਾ ਹੀ ਨਾ ਕਰਦਾ। ਜੁਆਕ ਕਾਹਨੂੰ ਜੰਮਣੇ ਸੀ। ਵੱਡੀ ਭਰਜਾਈ ਨੂੰ ਮਾਂ ਸਮਝਕੇ ਉਹਦੀ ਸੇਵਾ ਕਰਦਾ, ਭਤੀਜੇ ਨੂੰ ਪਾਲ਼ਦਾ ਤੇ ਆਪ ਦੂਜਾ ਵਿਆਹ ਵੀ ਚਾਹੇ ਨਾ ਕਰਾਉਂਦਾ। ਜੇ ਵਿਆਹ ਜ਼ਰੂਰੀ ਸੀ ਤਾਂ ਭਰਜਾਈ ਨੂੰ ਆਪਣੇ ਚੁੱਲ੍ਹੇ ਉੱਤੇ ਰੱਖਦਾ। ਕੀ ਪਤਾ ਸੀ ਉਹਨੂੰ ਕਿ ਇਹ ਸਭ ਕੁਝ ਇੰਜ ਹੋ ਜਾਏਗਾ। ਉਹ ਖੇਤ ਜਾਂਦਾ ਤੇ ਪਹਿਲਾਂ ਵਾਂਗ ਹੀ ਕੰਮ-ਧੰਦੇ ਕਰਦਾ ਫਿਰਦਾ। ਘਰ ਹੁੰਦਾ ਤਾਂ ਚੁੱਪ-ਚਾਪ ਰਹਿੰਦਾ। ਉਹਨੂੰ ਲੱਗਦਾ ਜਿਵੇਂ ਸੁੰਨੇ-ਉਜਾੜ ਘਰ ਵਿੱਚ ਉਹ ਕੋਈ ਭੂਤ-ਪ੍ਰੇਤ ਹੋਵੇ। ਚਿਹਰੇ ਤੋਂ ਉਹ ਭੂਤ-ਪ੍ਰੇਤ ਹੀ ਤਾਂ ਲੱਗਦਾ। ਚਿਹਰੇ ਉੱਤੇ ਆਦਮੀਅਤ

ਕਿੱਧਰ ਜਾਵਾਂ?

113