ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/200

ਇਹ ਸਫ਼ਾ ਪ੍ਰਮਾਣਿਤ ਹੈ

ਕਿਸੇ ਸ਼ਹਿਰ ਵਿੱਚ ਵਸ ਗਿਆ ਹੈ। ਆਪਣੇ ਹਿੱਸੇ ਦੀ ਜ਼ਮੀਨ ਵੇਚ ਗਿਆ। ਮੇਰੇ ਹਿੱਸੇ ਮਸਾਂ ਦੋ ਕਿੱਲੇ ਆਉਂਦੇ ਹਨ। ਘਰ ਦੀ ਗ਼ਰੀਬੀ ਕਰਕੇ ਮੇਰਾ ਵਿਆਹ ਨਹੀਂ ਹੋ ਸਕਿਆ। ਹੁਣ ਤਾਂ ਉਮਰ ਵੀ ਨਹੀਂ ਰਹੀ ਕਿ ਵਿਆਹ ਕਰਵਾ ਸਕਾਂ। ਓਹੀ ਕਰਿੰਦੇ ਦਾ ਕਰਿੰਦਾ ਹਾਂ, ਉਹਨਾਂ ਹੀ ਠੇਕੇਦਾਰਾਂ ਕੋਲ। ਸਾਲ ਛੇ ਮਹੀਨੇ ਬਾਅਦ ਭੈਣਾਂ ਕੋਲ ਜਾਂਦਾ ਹਾਂ ਤੇ ਲੀੜਾ ਕੱਪੜਾ ਜੋ ਸਰਦਾ ਹੈ, ਉਥੇ ਹੀ ਦੇ ਆਉਂਦਾ ਹਾਂ।’

ਦਸਵੀਂ ਦਾ ਇਮਤਿਹਾਨ ਦੇ ਕੇ ਮੈਂ ਵਿਹਲਾ ਸਾਂ। ਬਾਪੂ ਨੇ ਕਹਿ ਕੁਹਾ ਕੇ ਮੈਨੂੰ ਠੇਕੇ ਉੱਤੇ ਲਵਾ ਦਿੱਤੀ ਸੀ। ਮਾਮੇ ਦਾ ਪੁੱਤ ਵੀ ਕਹਿੰਦਾ ਸੀ। ਅੱਠਵੀਂ ਦਾ ਇਮਤਿਹਾਨ ਦੇ ਕੇ ਵੀ ਮੈਂ ਇੱਕ ਮਹੀਨਾ ਉਹਦੇ ਕੋਲ ਰਹਿ ਆਇਆ ਸੀ। ਠੇਕੇ ਦੇ ਕੰਮ ਦਾ ਥੋੜ੍ਹਾ-ਥੋੜ੍ਹਾ ਵਾਕਫ਼ ਹੋਣ ਕਰਕੇ ਦਸਵੀਂ ਦੇ ਇਮਤਿਹਾਨ ਬਾਅਦ ਜਦੋਂ ਖ਼ੁਦ ਕਰਿੰਦਾ ਬਣਿਆ ਤਾਂ ਇਹ ਕੰਮ ਮੈਨੂੰ ਕੋਈ ਖ਼ਾਸ ਔਖਾ ਨਹੀਂ ਲੱਗਿਆ। ਉਹਨਾਂ ਦਿਨਾਂ ਵਿੱਚ ਮੇਰੀ ਉਮਰ ਸਤਾਰਾਂ-ਅਠਾਰਾਂ ਸਾਲ ਦੀ ਸੀ। ਵੱਡਾ ਹੋ ਕੇ ਪੜ੍ਹਨ ਲੱਗਿਆ ਸੀ। ਸਰੀਰ ਪੱਖੋਂ ਮੈਂ ਕਾਫ਼ੀ ਹੁੰਦੜਹੇਲ ਸੀ। ਵੀਹ ਬਾਈ ਸਾਲ ਦਾ ਲਗਦਾ। ਮੈਂ ਕਾਲਜ ਪੜ੍ਹਨਾ ਚਾਹੁੰਦਾ ਸੀ। ਬਾਪ ਵਿੱਚ ਫ਼ੀਸਾਂ ਭਰਨ ਦੀ ਪਹੁੰਚ ਨਹੀਂ ਸੀ। ਸੋਚਿਆ ਸੀ, ਦੋ-ਤਿੰਨ ਮਹੀਨਿਆਂ ਦੀ ਤਨਖਾਹ ਜੋੜ ਕੇ ਰੱਖਾਂਗਾ ਤੇ ਕਾਲਜ ਵਿੱਚ ਦਾਖ਼ਲਾ ਲੈ ਲਵਾਂਗਾ। ਪਿੱਛੋਂ ਦੇ ਖਰਚ ਲਈ ਰੱਬ ਭਲੀ ਕਰੇਗਾ। ਜੇ ਇੰਝ ਹੀ ਹੁੰਦਾ ਤੇ ਜੇ ਮੈਂ ਕਿਵੇਂ ਨਾ ਕਿਵੇਂ ਮਰਦਾ ਪੈਂਦਾ ਬੀ.ਏ. ਕਰ ਜਾਂਦਾ ਤਾਂ ਜ਼ਿੰਦਗੀ ਕੁਝ ਹੋਰ ਹੋਣੀ ਸੀ।

ਕੌਣ ਕਹਿੰਦਾ ਹੈ, ਮੈਂ ਉਹ ਕਤਲ ਕੀਤਾ ਸੀ? ਉਹ ਬੰਦਾ ਬਿਲਕੁਲ ਕਤਲ ਨਹੀਂ ਹੋਇਆ। ਉਹਦੀ ਤਾਂ ਮਕੜੀ ਹੋ ਗਈ। ਉਹਦੇ ਨਾਲ ਇੰਜ ਹੀ ਕਦੇ ਹੋਣਾ ਸੀ ਜਾਂ ਉਹਦੀ ਮੌਤ ਹੋਰ ਕਿਸੇ ਭੈੜੇ ਤਰੀਕੇ ਨਾਲ ਹੁੰਦੀ। ਅਸਲ ਵਿੱਚ ਮੈਂ ਕਤਲ ਹੋਇਆ ਹਾਂ। ਉਹ ਆਦਮੀ ਖ਼ੁਦ ਮਰ ਕੇ ਮੈਨੂੰ ਕਤਲ ਕਰ ਗਿਆ। ਉਹ ਤਾਂ ਇੱਕ ਦਿਨ ਹੀ ਕਤਲ ਹੋਇਆ, ਮੈਂ ਸਾਰੀ ਉਮਰ ਕਤਲ ਹੋ ਰਿਹਾ ਹਾਂ, ਓਦੋਂ ਤੋਂ ਲੈ ਕੇ ਹੁਣ ਤੱਕ। ਅਫ਼ਸੋਸ ਇਹ ਕਿ ਨਾ ਮੇਰਾ ਕੋਈ ਗਵਾਹ ਹੈ ਤੇ ਨਾ ਮੇਰੀ ਪੈਰਵੀ ਕਰਨ ਵਾਲਾ ਕੋਈ। ਮੇਰੇ ਲਈ ਕਚਹਿਰੀ ਵੀ ਕੋਈ ਨਹੀਂ। ◆

200

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ