ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/125

ਇਹ ਸਫ਼ਾ ਪ੍ਰਮਾਣਿਤ ਹੈ

ਅੱਖਾਂ ਟਿਕਾ ਲਈਆਂ। ਕੋਈ ਹਿਸਾਬ ਜਿਹਾ ਕਰਨ ਲੱਗ ਪਿਆ ਜਾਂ ਉਂਝ ਹੀ ਉਹਨਾਂ ਵੱਲੋਂ ਬੇਧਿਆਨ ਹੋ ਗਿਆ ਹੋਵੇਗਾ।

ਬਾਕੀ ਰੋਟੀਆਂ ਪੂਰੀਆਂ ਰੜ੍ਹੀਆਂ ਹੋਈਆਂ ਆਉਣ ਲੱਗੀਆਂ।

ਰੋਟੀ ਖਾ ਕੇ ਸੌਂਫ ਚੱਬਦੇ ਉਹ ਹੋਟਲ ਵਿੱਚੋਂ ਬਾਹਰ ਆਏ ਤਾਂ ਅਨਿਲ ਕਹਿੰਦਾ- "ਰੋਟੀ ਖਾ ਕੇ ਸੁਆਦ ਆ ਗਿਆ। ਤੂੰ ਵੀ ਹੱਦ ਐਂ, ਯਾਰ। ਹਰ ਥਾਂ ਆਢ੍ਹਾ ਲਾ ਕੇ ਬਹਿ ਜਾਨੈਂ। ਪਰ ਇੱਕ ਗੱਲੋਂ ਤੇਰਾ ਸੁਭਾਅ ਵਧੀਆ ਰਹਿੰਦੈ। ਮੈਂ 'ਕੱਲਾ ਹੁੰਦਾ ਤਾਂ ਕੱਚੀਆਂ ਪਿੱਲੀਆਂ ਖਾ ਕੇ ਈ ਉੱਠ ਖੜ੍ਹਦਾ।" "ਦੇਖਿਆ ਫਿਰ" ਬਲਕਰਨ ਚੀਖਵਾਂ ਠਹਾਕਾ ਮਾਰ ਕੇ ਹੱਸਿਆ।

ਉਹ ਵਾਪਸੀ ਲਈ ਬੱਸ ਵਿੱਚ ਬੈਠੇ ਤਾਂ ਬਲਕਰਨ ਨੇ ਆਪਣੇ ਕਾਲਜ ਦੀਆਂ ਗੱਲਾਂ ਛੇੜ ਲਈਆਂ। ਦੱਸਣ ਲੱਗਿਆ- "ਸਾਡੇ ਇੱਕ ਕਮਿਸਟਰੀ ਦਾ ਲੈਚਕਰਾਰ ਐ, ਭਾਰਦਵਾਜ। ਬਜ਼ੁਰਗ ਬੰਦਾ ਐ। ਮੈਂ ਬੜੀ ਇੱਜ਼ਤ ਕਰਿਆ ਕਰਾਂ ਉਹਦੀ। ਜਦੋਂ ਵੀ ਮਿਲਦਾ, ਪਹਿਲਾਂ ਹੱਥ ਜੋੜ ਕੇ ਨਮਸਕਾਰ ਕਰਨੀ। ਉਂਝ ਸਟਾਫ਼ ਰੂਮ ਚ ਕਿੰਨਾ ਹੱਸੀ ਖੇਡੀ ਜਾਈਦੈ, ਮੈਂ ਉਹਨੂੰ ਕਦੇ ਮਜ਼ਾਕ ਨਹੀਂ ਕੀਤਾ ਸੀ। ਜਦੋਂ ਵੀ ਕੋਈ ਮੈਨੂੰ ਬਾਹਰੋਂ ਮਿਲਣ ਆਇਆ ਕਰੇ, ਭਾਰਦਵਾਜ ਪੁੱਛਦਾ ਇਹ ਕਾਮਰੇਡ ਕੌਣ ਸੀ? ਮੇਰੇ ਕੋਲ ਦੋਸਤ ਮਿੱਤਰ ਮਿਲਣ ਔਂਦੇ ਈ ਰਹਿੰਦੇ ਐ। ਸਕੂਲ ਟੀਚਰ, ਯੂਨੀਅਨ-ਵਰਕਰ, ਲੇਖਕ-ਦੋਸਤ ਆਰਟਿਸਟ ਲੋਕ। ਪਹਿਲਾਂ-ਪਹਿਲਾਂ ਮੈਂ ਸਮਝਿਆ, ਭਾਰਦਵਾਜ ਮੇਰੇ ਵਿੱਚ ਦਿਲਚਸਪੀ ਲੈਂਦੈ। ਇਹ ਅਗਾਂਹਵਧੂ ਖ਼ਿਆਲਾਂ ਦਾ ਹੋਵੇਗਾ, ਪਰ ਇੱਕ ਦਿਨ ਖਚਰੀ ਜਿਹੀ ਹਾਸੀ ਹੱਸ ਕੇ ਮੈਨੂੰ ਪੁੱਛਣ ਲੱਗਿਆ-ਅੱਜ ਨ੍ਹੀਂ ਆਇਆ ਕੋਈ ਕਾਮਰੇਡ? ਮੈਂ ਕਿਹਾ ਮਤਲਬ? ਉਹ ਫਿਰ ਹੱਸਿਆ ਤੇ ਫਿਰ ਹੱਸਦਾ-ਹੱਸਦਾ ਹੀ ਚੁੱਪ ਹੋ ਗਿਆ। ਰਜਿਸਟਰ ਵਿੱਚ ਮੁੰਡੇ-ਕੁੜੀਆਂ ਦੀ ਹਾਜ਼ਰੀ ਭਰਨ ਲੱਗਿਆ। ਮੈਂ ਗੱਲ ਨੂੰ ਵਿੱਚੇ ਪੀ ਗਿਆ। ਮੇਰੀ ਨਿਗਾਹ ਭਾਰਦਵਾਜ ਵਿੱਚ। ਦੋਸਤ ਸਟਾਫ਼-ਰੂਮ ਤੋਂ ਬਾਹਰ ਹੋਇਆ। ਭਾਰਦਵਾਜ ਝੱਟ ਬੋਲ ਉੱਠਿਆ "ਇਹ ਕਿਹੜਾ ਕਾਮਰੇਡ ਸੀ?" ਮੈਂ ਕੁਰਸੀ ਤੋਂ ਬੁੜ੍ਹਕਿਆ- "ਇਹ ਤੇਰੀ ਕੁੜੀ ਦਾ ਖਸਮ ਸੀ। ਭੈਣ ਦਾ ਯਾਰ ਨਾ ਹੋਵੇ।" ਭਾਰਦਵਾਜ ਦੀਆਂ ਬੋਦੀਆਂ ਨੂੰ ਮੈਂ ਹੱਥ ਪਾਇਆ ਹੀ ਸੀ ਕਿ ਪ੍ਰੋਫ਼ੈਸਰ ਗਰੇਵਾਲ ਮੇਰੇ ਉੱਤੇ ਇੱਲ ਵਾਂਗ ਝਪਟ ਪਿਆ। ਜੱਫਾ ਮਾਰ ਕੇ ਮੈਨੂੰ ਬਾਹਰ ਲੈ ਗਿਆ। ਮੈਂ ਉੱਚੀ-ਉੱਚੀ ਬੋਲ ਰਿਹਾ ਸੀ- "ਹੁਣ ਬੋਲ ਓਏ, ਕੁੱਤਿਆ। ਤੇਰੀਆਂ ਰਗ਼ਾਂ ਨਾ ਮਲ਼ੀਆਂ ਤਾਂ ਮੈਨੂੰ ਜੱਟ ਦਾ ਪੁੱਤ ਕੌਣ ਆਖੂ।" ਭਾਰਦਵਾਜ ਖੜ੍ਹਾ ਕੰਬ ਰਿਹਾ ਸੀ ਤੇ ਫਿਰ ਗੱਲ ਹੋਈ ਬੀਤੀ। ਅਸੀਂ ਕਈ ਦਿਨ ਨਾ ਬੋਲੇ। ਹੁਣ ਭਾਰਦਵਾਜ ਨੇ ਮੇਰੇ ਨਾਲ ਦੋਸਤੀ ਬਣਾ ਰੱਖੀ ਐ। ਹੁਣ ਉਹ ਮੈਨੂੰ ਨਮਸਕਾਰ ਕਰਦੈ।"

ਉਹ ਯੂਥ ਹੋਸਟਲ ਪਹੁੰਚੇ ਤਾਂ ਹਨੇਰਾ ਹੋ ਚੁੱਕਿਆ ਸੀ। ਉਹ ਮੈਨੇਜਰ ਦੇ ਦਫ਼ਤਰ ਨਹੀਂ ਗਏ। ਕੰਟੀਨ ਵਿੱਚ ਰੋਟੀ ਖਾਧੀ ਤੇ ਕਮਰੇ ਵਿੱਚ ਆ ਗਏ। ਮੈਨੇਜਰ ਦਾ ਕੋਈ ਬੰਦਾ ਉਹਨਾਂ ਦੇ ਕਮਰੇ ਵਿੱਚ ਨਹੀਂ ਆਇਆ। ਅਨਿਲ ਸਵੇਰ ਤੋਂ ਹੀ ਡਰਦਾ ਰਿਹਾ ਸੀ, ਮੈਨੇਜਰ ਪਤਾ ਨਹੀਂ ਕੀ ਸਲੂਕ ਕਰੇਗਾ। ਉਹ ਸੌਣ ਤੋਂ ਪਹਿਲਾਂ ਕਮਰੇ ਵਿੱਚ ਪਿਆ ਸੋਚਣ ਲੱਗਿਆ, ਬਲਕਰਨ ਪਹਿਲੇ ਦਿਨੋਂ ਹੀ ਕਿੱਡਾ ਅੜਬ ਆਦਮੀ ਹੈ। ਹਰ ਗੱਲ

ਅੜਬ ਆਦਮੀ

125