ਪੰਨਾ:ਰਾਜ ਕੁਮਾਰੀ.pdf/4

ਇਹ ਸਫ਼ਾ ਪ੍ਰਮਾਣਿਤ ਹੈ

ਜੀਵਨ ਦਾ ਸਫ਼ਰ ਮੁਕਾਣ ਲਈ ਹਰ ਮਨੁਖ ਨੂੰ ਆਸ਼ਾ ਤੇ ਨਿਰਾਸ਼ਾ, ਦੋਹਾਂ ਵਿਚੋਂ ਲੰਘਣਾ ਪੈਂਦਾ ਹੈ। ਕਦੀ ਆਸ਼ਾ ਦੀਆਂ ਬਦਲੀਆਂ ਵਸ ਕੇ ਮਨੁਖ ਨੂੰ ਖ਼ੁਸ਼ੀ ਦੇ ਅਥਾਹ ਸਮੁੰਦਰ ਵਿਚ ਡਬੋ ਦਿੰਦੀਆਂ ਹਨ ਤੇ ਕਦੀ ਨਿਰਾਸ਼ਾ ਦੇ ਤੂਫਾਨ, ਝਖੜ ਤੇ ਹਨ੍ਹੇਰੀਆਂ ਉਸ ਦੀ ਤਬਾਹੀ ਦਾ ਕਾਰਨ ਬਣਦੀਆਂ ਹਨ।

ਆਸ਼ਾਵਾਂ ਤੇ ਖ਼ੁਸ਼ੀਆਂ ਦੇ ਸੰਦੇਸ਼ ਲੈ ਕੇ, ਅਰਮਾਨਾਂ ਤੇ ਖ਼ਾਹਸ਼ਾਂ ਦੀ ਦੁਨੀਆਂ ਲੈ ਕੇ, ਆਇਆ ਕਰਦੀ ਹੈ ਜਵਾਨੀ। ਇਸ ਨੂੰ ਜੀਵਨ ਦਾ ਰੰਗੀਨ ਹਿਸਾ ਆਖਿਆ ਜਾਂਦਾ ਹੈ। ਜਵਾਨੀ ਦਾ ਮਚਲਣਾ, ਜਵਾਨੀ ਦੀ ਸ਼ੋਖ਼ੀ, ਜਵਾਨੀ ਦੀ ਨਜ਼ਾਕਤ ਸੱਦਾ ਦੇਂਦੀ ਹੈ ਕਿਸੇ ਹੋਰ ਜਵਾਨੀ ਨੂੰ ਤੇ ਫਿਰ ਦੋਹਾਂ ਦਿਲਾਂ ਵਿਚ ਪਿਆਰ ਉਗਮ ਪੈਂਦਾ ਹੈ। ਕਿਹੜਾ ਇਨਸਾਨ ਹੈ ਜੋ ਪਿਆਰ ਦੇ ਨਸ਼ੇ ਤੋਂ ਵਾਕਫ਼ ਨਹੀਂ। ਪਿਆਰ ਤੇ ਜਵਾਨੀ ਦਾ ਡੂੰਘਾ ਸਬੰਧ ਹੈ। ਜਵਾਨੀ ਤੇ ਫਿਰ ਭਾਰਤ ਦੀ ਧਰਤੀ ਤੇ ਜਿਸ ਬਾਰੇ ਇਕ ਫ਼ਾਰਸੀ ਦਾ ਕਵੀ ਕਹਿੰਦਾ ਹੈ:

"ਸਚ ਮੁਚ ਹਿੰਦੁਸਤਾਨ ਦੀ ਧਰਤੀ ਵਿਚ ਪਿਆਰ ਲੁਕਿਆ ਹੈ। ਇਸ ਧਰਤੀ ਤੇ ਪੈਰ ਰਖਦਿਆਂ ਹੀ ਜਵਾਨੀ ਮਚਲ ਉਠਦੀ ਹੈ, ਆਸ਼ਾਵਾਂ ਜਾਗ ਉਠਦੀਆਂ ਹਨ।"