ਪੰਨਾ:ਰਾਜ ਕੁਮਾਰੀ.pdf/36

ਇਹ ਸਫ਼ਾ ਪ੍ਰਮਾਣਿਤ ਹੈ

ਕਰਨੀ ਪਰਮੇਸ਼ਵਰ ਦੀ ਕੀ ਹੋਈ ਕਿ ਇਕ ਚਾਕਰ ਨੂੰ ਉਸੇ ਵੇਲੇ ਨਿੱਛ ਆ ਗਈ। ਵਿਚਾਰਾ ਬਥੇਰਾ ਰੋਕਦਾ ਰਿਹਾ, ਪਰ ਉਸ ਦੇ ਵੱਸ ਦੀ ਗੱਲ ਨਹੀਂ ਸੀ। ਰੋਕਣ ਨਾਲ ਸਗੋਂ ਹੋਰ ਜ਼ੋਰ ਵਧ ਗਿਆ ਅਤੇ ਨਿੱਛ ਨੇ ਏਨੀ ਆਵਾਜ਼ ਪੈਦਾ ਕੀਤੀ ਕਿ ਬੱਚੇ ਦੇ ਹਥੋਂ ਪਿਆਲਾ ਡਿਗ ਪਿਆ।

"ਰਾਜਾ ਬੱਚਾ ਸੀ, ਨਹੀਂ ਤਾਂ ਪਤਾ ਨਹੀਂ ਨਿਛ ਦੀ ਸਜ਼ਾ ਨੌਕਰ ਨੂੰ ਕੀ ਮਿਲਦੀ! ਬਚੇ ਨੇ ਗੁਸੇ ਕੀ ਹੋਣਾ ਸੀ, ਉਲਟਾ ਖ਼ੁਸ਼ੀ ਨਾਲ ਤਾਲੀਆਂ ਵਜਾਉਣ ਲੱਗ ਪਿਆ। ਪਿਆਲਾ ਟੁੱਟ ਗਿਆ ਤੇ ਦੁਧ ਫ਼ਰਸ਼ ਤੇ ਡੁਲ੍ਹ ਗਿਆ। ਇਸ ਤਰ੍ਹਾਂ ਤੀਜੀ ਵਾਰੀ ਉਸ ਦੀ ਜਾਨ ਬਚ ਗਈ।

"ਬਚੇ ਦੇ ਚਾਚੇ ਨੇ ਹੁਣ ਕੋਈ ਨਵੀਂ ਚਾਲ ਚਲਣੀ ਸੀ, ਪਰ ਉਹ ਅਜੇ ਸੋਚਾਂ ਵਿਚ ਹੀ ਸੀ ਕਿ ਇਕ ਖਤਰੀ ਜ਼ਾਤ ਦੀ ਇਸਤਰੀ ਦੇ ਪਤੀ ਨੇ ਉਸ ਨੂੰ ਮਾਰ ਦਿਤਾ, ਕਿਉਂ ਜੋ ਉਸ ਨੇ ਇਕ ਵਾਰੀ ਉਸ ਦੀ ਧਰਮ ਪਤਨੀ ਨੂੰ ਬੇ-ਇਜ਼ਤ ਕਰਨਾ ਚਾਹਿਆ ਸੀ।

"ਰਾਜ ਕੁਮਾਰੀ ਜੀ! ਇਸ ਦਾ ਉਤਰ ਦਿਓ ਕਿ ਇਕ ਅੰਞਾਣ ਬੱਚਾ ਅਜਿਹੇ ਫ਼ਰੇਬੀ ਤੇ ਮੱਕਾਰ ਦੇ ਜਾਲਾਂ ਤੋਂ ਕਿਸ ਤਰ੍ਹਾਂ ਬਚ ਗਿਆ?"

ਭਗੀਰਥ ਚੁਪ ਹੋ ਗਿਆ ਤੇ ਰਾਜ ਕੁਮਾਰੀ ਕਹਿਣ ਲਗੀ-

"ਇਹ ਬਚੇ ਦੀ ਨਾਦਾਨੀ ਸੀ ਜੋ ਇਸ ਦੇ ਕੰਮ ਆਈ। ਜਿਸ ਤਰ੍ਹਾਂ ਇਕ ਬਾਹਰ ਪਿਆ ਪੱਥਰ ਉਸ ਕੀਮਤੀ ਹੀਰੇ ਨਾਲੋਂ, ਜਿਹੜਾ ਕਈ ਸੰਦੂਕਾਂ ਵਿਚ ਬੰਦ ਹੋਵੇ, ਵਧੇਰੇ ਮਹਿਫੂਜ਼ ਹੁੰਦਾ ਹੈ, ਕਿਉਂ ਜੋ ਉਹ ਕਿਸੇ ਕੰਮ ਨਹੀਂ ਆਉਂਦਾ, ਇਸੇ ਤਰ੍ਹਾਂ ਇਕ ਮਾਸੂਮ ਬੱਚਾ ਆਪਣੀ ਨਿਰਬਲਤਾ ਦੇ ਕਾਰਨ ਬਚ ਜਾਂਦਾ ਹੈ। ਭਲਾ ਕੋਮਲ ਕੰਵਲ ਦੇ ਫੁਲਾਂ ਦਾ ਵੀ ਕੋਈ ਵੈਰੀ ਹੋਵੇਗਾ!"

ਇਹ ਕਹਿ ਕੇ ਰਾਜ ਕੁਮਾਰੀ ਉਠੀ ਅਤੇ ਮੁੜ ਕੇ ਰਾਜੇ ਵੱਲ ਇਕ ਝਾਤ ਪਾਉਂਦੀ ਟੁਰ ਗਈ। ਭਗੀਰਥ ਤੇ ਰਾਜਾ ਵਾਪਸ ਆ ਗਏ।

੩੬