ਪੰਨਾ:ਰਾਜ ਕੁਮਾਰੀ.pdf/20

ਇਹ ਸਫ਼ਾ ਪ੍ਰਮਾਣਿਤ ਹੈ

ਮਗਨ ਹੋ ਗਿਆ।

ਅਖ਼ੀਰ ਦੋਵੇਂ ਮਹੱਲ ਦੀ ਹੱਦ ਵਿਚ ਪਹੁੰਚ ਗਏ ਤੇ ਉਨ੍ਹਾਂ ਦੇ ਸਵਾਗਤ ਲਈ ਸੁਨਹਿਰੀ ਵਰਦੀਆਂ ਵਾਲੇ ਚੋਬਦਾਰ ਅਗੇ ਵਧੇ। ਰਾਜ ਕੁਮਾਰੀ ਨੂੰ ਖ਼ਬਰ ਕਰ ਦਿਤੀ ਗਈ ਕਿ ਮਹਾਰਾਜਾ ਚੰਦਰਕਾਂਤ ਆਪਣੀ ਕਿਸਮਤ ਪਰਖਣ ਲਈ ਆਏ ਹਨ। ਉਸ ਨੇ ਆਪਣੇ ਦੋ ਖ਼ਾਸ ਨੌਕਰ, ਜਿਨ੍ਹਾਂ ਦੇ ਮੂੰਹ ਸਰ੍ਹੋਂ ਤੋਂ ਵੀ ਵਧ ਪੀਲੇ ਅਤੇ ਜਿਨ੍ਹਾਂ ਦੀਆਂ ਅੱਖਾਂ ਨਾਗਾਂ ਨਾਲੋਂ ਵੀ ਵਧ ਲਾਲ ਸਨ, ਭਿਜਵਾ ਦਿਤੇ। ਨੌਕਰ ਉਨ੍ਹਾਂ ਦੋਹਾਂ ਨੂੰ ਇਕ ਸੰਗਮਰਮਰ ਦੇ ਦੀਵਾਨ-ਖ਼ਾਨੇ ਵਿਚ ਲੈ ਗਏ, ਜਿਸ ਦੇ ਚਾਰੇ ਪਾਸੇ ਇਕ ਸੁੰਦਰ ਬਗ਼ੀਚਾ ਸੀ। ਬਗ਼ੀਚੇ ਵਿਚ ਇਕ ਸਾਫ਼ ਪਾਣੀ ਦੀ ਝੀਲ, ਕੁਝ ਬਲੌਰੀ ਗੁਸਲਖ਼ਾਨੇ ਤੇ ਛਾਂ ਵਾਲੇ ਰੁਖ ਸਨ। ਬਾਗ਼ ਵਿਚ ਸਦਾ ਰੰਗ-ਬਰੰਗੇ ਫੁਲਾਂ ਦੀ ਮਹਿਕ ਵਾਲੀ ਪੌਣ ਰੁਮਕਦੀ ਸੀ ਤੇ ਪੰਛੀ ਆਪਣੇ ਮਿਠੇ ਰਾਗ ਅਲਾਪਦੇ ਸੁਣਾਈ ਦਿੰਦੇ ਸਨ। ਰਾਜੇ ਤੇ ਭਗੀਰਥ ਨੇ ਸਾਰਾ ਦਿਨ ਉਥੇ ਲੰਘਾਇਆ। ਰਾਜਾ ਨਾਗ ਰਾਣੀ ਦੇ ਦੀਦਾਰ ਦੀ ਚਾਹ ਵਿਚ ਏਨਾ ਬੇਕਲ ਹੋ ਰਿਹਾ ਸੀ ਕਿ ਉਸ ਦੀ ਤਸਵੀਰ ਤੋਂ ਛੁਟ ਹੋਰ ਕੁਝ ਉਸ ਨੂੰ ਸੁਝਦਾ ਹੀ ਨਹੀਂ ਸੀ।

ਜਦ ਦੁਪਹਿਰ ਢਲ ਗਈ ਤਾਂ ਰਾਜੇ ਤੇ ਭਗੀਰਥ ਨੂੰ ਦਰਬਾਰ ਵਿਚ ਸਦਿਆ ਗਿਆ। ਦੋਵੇਂ ਲੋਕ ਸਭਾ ਵਿਚੋਂ ਹੁੰਦੇ ਹੋਏ ਦਰਬਾਰ ਖ਼ਾਸ ਵਿਚ ਗਏ। ਇਸ ਕਮਰੇ ਦਾ ਫ਼ਰਸ਼ ਕਾਲੇ ਤੇ ਨੀਲੇ ਬਲੌਰ ਦੇ ਟੁਕੜਿਆਂ ਨਾਲ ਸਜਿਆ ਹੋਇਆ ਸੀ ਤੇ ਕੰਧਾਂ ਹੀਰੇ ਜਵਾਹਰਾਂ ਨਾਲ ਜਗਮਗਾ ਰਹੀਆਂ ਸਨ। ਛਤ ਤੇ ਫ਼ਾਨੂਸ ਟੰਗੇ ਹੋਏ ਸਨ ਅਤੇ ਇਨ੍ਹਾਂ ਦੀ ਚਮਕਦੀ ਰੋਸ਼ਨੀ ਇਕ ਅਤਿ ਸੁੰਦਰ ਦ੍ਰਿਸ਼ਯ ਬੰਨ੍ਹ ਰਹੀ ਸੀ। ਇਸ ਸਖ਼ਤ ਚਮਕ ਦੇ ਸਾਹਮਣੇ ਅੱਖਾਂ ਕੰਮ ਨਹੀਂ ਸਨ ਕਰਦੀਆਂ। ਜਦ ਭਗੀਰਥ ਤੇ ਮਹਾਰਾਜੇ ਦੀਆਂ ਚੁੰਧਿਆਈਆਂ ਹੋਈਆਂ ਅੱਖੀਆਂ ਜ਼ਰਾ ਠੀਕ ਹੋਈਆਂ ਤਾਂ ਉਨ੍ਹਾਂ ਨੂੰ ਸਾਹਮਣੇ ਸਿੰਘਾਸਨ ਉਤੇ ਨਾਗ ਰਾਣੀ ਬੈਠੀ ਦਿੱਸੀ।

२२