ਪੰਨਾ:ਰਾਜ ਕੁਮਾਰੀ.pdf/130

ਇਹ ਸਫ਼ਾ ਪ੍ਰਮਾਣਿਤ ਹੈ

ਰਾਜਾ ਪ੍ਰੇਮ ਦੇ ਨਸ਼ੇ ਵਿਚ ਮਸਤ ਸੀ। ਉਸ ਨੇ ਹੌਲੀ ਜਹੀ ਉਸ ਦੀ ਠੋਡੀ ਫੜ ਕੇ ਉਸ ਦਾ ਮੂੰਹ ਉਤੇ ਕੀਤਾ ਤੇ ਉਸ ਦੇ ਲਾਲ ਲਾਲ ਕੋਮਲ ਹੋਠਾਂ ਨੂੰ ਚੁੰਮਿਆਂ। ਉਸ ਘੜੀ ਉਹ ਸੰਸਾਰ ਦੀ ਹਰ ਇਕ ਚੀਜ਼ ਤੋਂ ਬੇ-ਖ਼ਬਰ ਸੀ। ਉਸ ਨੇ ਮਹਿਸੂਸ ਕੀਤਾ ਕਿ ਉਸ ਦੀ ਰਗ ਰਗ ਵਿਚ ਪ੍ਰੇਮ ਦੀਆਂ ਲਹਿਰਾਂ ਉਠ ਰਹੀਆਂ ਸਨ। ਉਹ ਪ੍ਰੇਮ ਵਿਚ ਆਪਣਾ ਆਪ ਭੁਲ ਗਿਆ। ਨਾਗ ਰਾਣੀ ਨੇ ਕਿਹਾ, "ਕੀ ਤੁਹਾਨੂੰ ਖ਼ਤਰਾ ਸੀ, ਕਿ ਤੁਸੀਂ ਮੈਨੂੰ ਹਾਸਲ ਨਹੀਂ ਕਰ ਸਕੋਗੇ?"

ਚੰਦਰ ਕਾਂਤ ਨੇ ਉਤਰ ਦਿਤਾ, "ਪਿਆਰੀ! ਮੈਂ ਤਾਂ ਮਰਦਾ ਮਰਦਾ ਬਚਿਆ ਹਾਂ।"

ਨਾਗ ਰਾਣੀ ਹੱਸ ਕੇ ਕਹਿਣ ਲਗੀ, "ਡਰਨ ਦਾ ਕੋਈ ਕਾਰਨ ਨਹੀਂ ਸੀ, ਕਿਉਂ ਜੋ ਜੇ ਮੈਂ ਅਜ ਤੁਹਾਡੇ ਪ੍ਰਸ਼ਨ ਦਾ ਉੱਤਰ ਦੇ ਦੇਂਦੀ ਤਾਂ ਕਲ੍ਹ ਜ਼ਰੂਰ ਚੁਪ ਰਹਿੰਦੀ, ਭਾਵੇਂ ਤੁਸੀਂ ਮੇਰੇ ਨਾਮ ਤੋਂ ਬਿਨਾਂ ਹੋਰ ਕੁਝ ਨਾ ਪੁਛਦੇ, ਪ੍ਰੰਤੂ ਮੈਂ ਕਲ੍ਹ ਤਾਈਂ ਉਡੀਕ ਨਹੀਂ ਸਾਂ ਸਕਦੀ। ਖ਼ੈਰ! ਜੋ ਹੋਇਆ ਚੰਗਾ ਹੋਇਆ।"

ਰਾਜੇ ਨੇ ਕਿਹਾ, "ਤੁਸਾਂ ਪਹਿਲੇ ਦਿਨ ਹੀ ਉਤਰ ਦੇਣੋਂ ਇਨਕਾਰ ਕਿਉਂ ਨਾ ਕਰ ਦਿਤਾ?"

ਨਾਗ ਰਾਣੀ ਨੇ ਮੁਸਕਰਾ ਕੇ ਆਖਿਆ, "ਮੈਂ ਆਪ ਤੜਪ ਰਹੀ ਸਾਂ, ਬੇਚੈਨ ਸਾਂ, ਪ੍ਰੰਤੂ ਇਹ ਮੈਨੂੰ ਨਹੀਂ ਪਤਾ ਕਿ ਮੈਂ ਇਨਕਾਰ ਕਿਉਂ ਨਾ ਕੀਤਾ। ਮੇਰੇ ਪਿਆਰੇ! ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸਤਰੀ ਆਪਣੇ ਪ੍ਰੇਮੀ ਨੂੰ ਤੜਫ਼ਦਾ ਵੇਖਣਾ ਚਾਹੁੰਦੀ ਹੈ ਅਤੇ ਜਿਹੜੀ ਚੀਜ਼ ਉਸ ਨੂੰ ਜ਼ਿਆਦਾ ਪਿਆਰੀ ਲਗੇ, ਉਸ ਨੂੰ ਲੈਣੋਂ ਇਨਕਾਰ ਕਰ ਦੇਂਦੀ ਹੈ।

ਰਾਜਾ ਚੰਦਰ ਕਾਂਤ ਖ਼ੁਸ਼ੀ ਦੇ ਨਸ਼ੇ ਵਿਚ ਮਸਤ ਹੋਇਆ ਆਖਣ ਲੱਗਾ, "ਆਓ ਹੁਣ ਇਥੋਂ ਚਲੀਏ। ਮੈਨੂੰ ਇਸ ਦਰਬਾਰ ਤੋਂ ਘਿਰਣਾ ਹੈ, ਕਿਉਂ ਜੋ ਮੈਂ ਇਥੇ ਬੜਾ ਦੁਖ ਪਾਇਆ ਹੈ। ਆਓ ਹੁਣ ਆਪਣੀ

੧੨੭