ਪੰਨਾ:ਰਾਜਾ ਰਸਾਲੂ (ਕਿਸ਼ਨ ਸਿੰਘ ਆਰਫ਼).pdf/8

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

[9]

ਕਰਾਂ ਮਾਰ ਤਲਵਾਰ ਦੋ ਚਾਰ ਟੁਕੜੇ ਮਦਦਗਾਰ ਦੇਖਾਂ ਤੇਰਾ ਕੌਣ ਹੈ ਓਏ। ਤੈਨੂੰ ਆਸਰਾ ਇਕ ਅਖੇਲ ਦਾ ਏ ਜਿਸਦੀ ਤਾਬਿਆ ਮੇਂ ਤੀਨ ਭਵਨ ਹੈ ਓਏ। ਕੇਸ ਪਕੜ ਰਸਾਲੂ ਨੇ ਮੂਹੋਂ ਕਿਹਾ ਖੰਡਾ ਮਾਰ ਵਢਾਂ ਤੇਰੀ ਧੌਣ ਹੈ ਉਏ। ਕਿਸ਼ਨ ਸਿੰਘ ਸਿਰਕਪ ਨੇ ਹੱਥ ਜੋੜੇ ਕਿਹਾ ਰੱਖ ਦੁਨੀਆਂ ਆਵਾਗੌਣ ਹੈ ਉਏ ।੩੭॥

ਆਤਰ ਹੋਏ ਸਿਰਕੱਪ ਨੇ ਅਰਜ਼ ਕੀਤੀ ਹੋਇਆ ਅੱਜ ਮੈਂ ਨਫਰ ਗੁਲਾਮ ਤੇਰਾ। ਮੈਨੂੰ ਬਖਸ਼ ਹੁਣ ਰੱਬ ਦਾ ਵਾਸਤਾ ਈ ਸਦਾ ਜਪਦਾ ਰਹਾਂਗਾ ਨਾਮ ਤੇਰਾ। ਹੁਕਮ ਕਰੇਂ ਸੋ ਮੰਨਸਾਂ ਸੀਸ ਉਤੇ ਹੋਇਆ ਰਾਜ ਤੇ ਦੇਸ ਤਮਾਮ ਤੇਰਾ। ਕਿਸ਼ਨ ਸਿੰਘ ਮੈਂ ਹਾਰਿਆ ਜਿਤਿਆ ਤੂੰ ਮੈਨੂੰ ਜਿਤ ਲੀਤਾ ਹੋਇਆ ਕਾਮ ਤੇਰਾ ।੩੮।

ਕਿਹਾ ਰਾਜੇ ਰਸਾਲੂ ਨੇ ਬਹੁਤ ਅੱਛਾ ਜਿਹੜਾ ਨਿਮਰੇ ਤਿਨਾਂ ਨੂੰ ਮਾਰਨਾ ਕੀ। ਜਾਹ ਬਖਸ਼ ਦਿਤੀ ਹੁਨ ਜਾਨ ਤੇਰੀ ਪੈਰੀਂ ਪਿਆ ਦਾ ਸੀਸ ਉਤਾਰਨਾ ਕੀ। ਤੇਰਾ ਰਾਜ ਹੈ ਪਿਆਰਿਆ ਮੌਜ ਕਰ ਤੂੰ ਅਸਾਂ ਕਿਸੇ ਦਾ ਕੰਮ ਵਿਗਾੜਨਾ ਕੀ। ਕਿਸ਼ਨ ਸਿੰਘ ਕਰ ਜੂਏ ਦੀ ਕਸਮ ਪਹਿਲੇ ਸਾਰ ਹੋਏ ਕੇ ਜਿਤਨਾ ਹਾਰਨਾ ਕੀ ॥੩੯॥

ਕੈਦੀ ਕੈਦ ਤੋਂ ਸਭ ਆਜ਼ਾਦ ਕਰਦੇ ਘੋੜੇ ਨਿਆਮਤਾਂ ਦੇਕੇ ਨਾਲ ਭਾਈ। ਡੋਲੀ ਪਾਏ ਕੇ ਵਿਆਹ ਕੁਆਰੀਆਂ ਨੂੰ ਜਾਵਨ ਘਰਾਂ ਨੂੰ ਹੋਏ ਨਿਹਾਲ ਭਾਈ। ਜਿਹੜੇ ਮੋਏ ਸੋ ਫੂਕ ਜਲਾਏ ਦੇਹੋ ਕਿਸੇ ਮੋੜਨਾ ਕਦੇ ਨ ਕਾਲ ਭਾਈ। ਕਿਸ਼ਨ ਸਿੰਘ ਸਿਰਕੱਪ ਨੇ ਤਿਵੇਂ ਕੀਤੀ ਜਿਵੇਂ ਰਾਜੇ ਰਸਾਲੂ ਸਵਾਲ ਭਾਈ ॥੪੦॥

ਕਿਹਾ ਫੇਰ ਸਿਰਕਪ ਰਸਾਲੂ ਤਾਈਂ ਬੇਟੀ ਇਕ ਮੇਰੀ ਆਪ ਲੀਜੀਏ ਜੀ। ਧੌਲਰ ਵਖਰੇ ਪਾਏਕੇ ਰਹੋ ਓਥੇ ਕੋਈ ਰੋਜ਼ ਸਾਨੂੰ ਦਰਸ਼ਨ ਦੀਜੀਏ ਜੀ। ਕੰਵਰ ਆਖਿਆ ਰਹਾਂਗਾ ਪਾਸ ਤੇਰੇ ਐਪਰ ਇਸਤ੍ਰੀ ਕਦੀ ਨ ਕੀਜ਼ੀਏ ਜੀ। ਕਿਸ਼ਨ ਸਿੰਘ ਡਾਢੀ ਜਾਤ ਇਸਤ੍ਰੀ ਦੀ ਜਾਤ ਪਰ ਸ਼ਾਹੀਂ ਪਤੀਜੀਏ ਜੀ ॥੪੧॥

ਕਿਹਾ ਫੇਰ ਸਿਰਕੱਪ ਨੇ ਦੋਸ਼ ਨਾਹੀਂ ਚੰਗੀ ਇਸਤ੍ਰੀ ਨੇਕ ਨਿਹਾਦ ਹੋਵੇ। ਸੂਰਤ ਸੀਰਤੋਂ ਖੂਬ ਤੇ ਸ਼ਰਮਵਾਲੀ ਜਿਹਦੇ ਨਾਲ ਮਿਲਕੇ ਦਿਲਸ਼ਾਦ ਹੋਵੇ ਪਰ ਨਾਰ ਬਦਕਾਰ ਤੋਂ ਪਰੇ ਰਹੀਏ ਬੁਰੇ ਨਾਲ ਜੋ ਮਿਲੇ ਬਰਬਾਦ ਹੋਵੇ। ਕਿਸ਼ਨ ਸਿੰਘ ਜੇ ਮਰਦ ਸਭ ਰਹਿਣ ਐਵੇਂ ਕਿਥੋਂ ਕਹੇ ਜਹਾਨ ਆਬਾਦ ਹੋਵੇ ।੪੨।

ਕਿਹਾ ਫੇਰ ਰਸਾਲੂ ਨੇ ਸੁਣੀ ਰਾਜਾ ਇਹਨਾਂ ਰੰਨਾਂ ਦੇ ਕਸਬ ਕਹਾਣੀਆਂ ਨੂੰ।