(15)
ਰੁਖਸਤ ਮੰਗਣੀ ਰਾਜੇ ਰਸਾਲੂ ਦੀ ਰਾਜੇ ਸਿਰਕਪ ਕੋਲੋਂ ਅਤੇ ਜਾਣਾ ਆਪਣੇ ਵਤਨ ਨੂੰ
ਰੁਖਸਤ ਲੈ ਸਿਰਕਪ ਤੋਂ ਰਵਾਂ ਹੋਇਆ ਅਤੇ ਤੋਤੇ ਨੂੰ ਨਾਲ ਲੈ ਚਲਿਆ ਈ। ਕਹਿੰਦੇ ਹੈਨ ਫਿਰ ਸੌ ਵਿਆਹ ਕੀਤੇ ਫਤੇ ਲਈ ਜਿਸ ਦੇਸ ਨੂੰ ਹਲਿਆ ਈ। ਕਾਮ ਕੰਦਲਾਂ ਵੀ ਸੰਗਲਾ-ਦੀਪ ਵਿਚੋਂ ਆਂਦੀ ਵਿਆਹ ਜਾਂ ਪਰੇਮ ਪਥੱਲਿਆ ਈ। ਕਿਸ਼ਨ ਸਿੰਘ ਹੋਏ ਸਭੇ ਕੰਮ ਪੂਰੇ ਗੋਰਖ ਨਾਥ ਦਾ ਬੂਹਾ ਜਾ ਮਲਿਆ ਈ ॥੭੩॥
ਲਿਖਿਆ ਖਤ ਸਲਵਾਨ ਨੇ ਸਯਾਲ ਕੋਟੋਂ ਪਾਸ ਰਾਜੇ ਰਸਾਲੂ ਦੇ ਘਲਿਆ ਜੇ। ਬਾਰਾਂ ਬਰਸ ਗੁਜ਼ਰੇ ਤੈਨੂੰ ਗਿਆਂ ਘਰੋਂ ਸਾਡਾ ਜਿਗਰ ਵਿਛੋੜੇ ਨੇ ਸਲਿਆ ਜੇ। ਹੁਣ ਮਿਹਰ ਕਰਕੇ ਦਰਸ਼ਨ ਦਿਓ ਸਾਨੂੰ ਮੁਲਕ ਆਪਣਾ ਆਏ ਲੈ ਮਿਲਿਆ ਜੇ। ਕਿਸ਼ਨ ਸਿੰਘ ਇਕੋ ਪੁਤਰ ਨਿਕਲ ਗਿਆ ਦੁਖਾਂ ਨਾਲ ਸਾਡਾ ਜੀਉ ਜਲਿਆ ਜੇ ॥੭੪॥
ਓਥੋਂ ਰਾਜੇ ਰਸਾਲੂ ਨੇ ਕੂਚ ਕੀਤਾ ਘਰ ਆਪਣੇ ਆਣ ਅਬਾਦ ਹੋਇਆ। ਮਿਲਿਆ ਮਾਓਂ ਤੇ ਬਾਪ ਨੂੰ ਸ਼ਾਦ ਹੋ ਕੇ ਅਤੇ ਉਹਨਾਂ ਦਾ ਦਿਲ ਵੀ ਸ਼ਾਦ ਹੋਇਆ। ਦਿਤਾ ਰਾਜ ਰਸਾਲੂ ਨੂੰ ਸਲਵਾਨ ਰਾਜੇ ਅਤੇ ਆਪ ਅਲੱਗ ਅਜ਼ਾਦ ਹੋਇਆ। ਕਿਸ਼ਨ ਸਿੰਘ ਲਗਾ ਰਾਜਾ ਰਾਜ ਕਰਨੇ ਬੜਾ ਖੁਸ਼ੀ ਤੇ ਅਹਿਲ ਇਮਦਾਦ ਹੋਇਆ ॥੭੫॥
ਕੰਵਲ ਐਸ਼ ਬਹਾਰ ਦੇ ਵਿਚ ਰਿਹਾ ਅੰਤ ਹੋਏ ਨਿਆਈਂ ਸੁਖ ਪਾਇ ਗਿਆ। ਜਿਚਰ ਜੀਂਵਦਾ ਰਿਹਾ ਅਰਾਮ ਸ਼ੇਤੀ ਮੋਇਆਂ ਜਗ ਤੇ ਨਾਮ ਧਰਾਇ ਗਿਆ। ਦੁਨੀਆ ਖਾਬ ਖਿਆਲ ਦੀ ਖੇਲ ਸਾਰੀ ਜਿਹੜਾ ਹੋਇਆ ਸੋ ਖਾਕ ਸਮਾਇ ਗਿਆ। ਕਿਸ਼ਨ ਸਿੰਘ ਬਾਕੀ ਰਿਹਾ ਨਾਮ ਇਕੋ ਹੋਰ ਸਭ ਹੀ ਹੋ ਫਨਾਹਿ ਗਿਆ ॥੭੬॥
-ਸਮਾਪਤ-