ਪੰਨਾ:ਰਾਜਾ ਧਿਆਨ ਸਿੰਘ.pdf/99

ਇਹ ਸਫ਼ਾ ਪ੍ਰਮਾਣਿਤ ਹੈ

ਸਮਝਦੇ।’’ ਇਹ ਕਹਿ ਕੇ ਧਿਆਨ ਸਿੰਘ ਕਿਲੇ ਵਿਚੋਂ ਬਾਹਰ ਨੂੰ ਤੁਰਿਆ, ਉਸ ਦੇ ਪਿਛੋਂ ਰਾਜਾ ਗੁਲਾਬ ਸਿੰਘ, ਸੁਚੇਤ ਸਿੰਘ ਤੇ ਹੀਰਾ ਸਿੰਘ ਸਨ, ਫੇਰ ਕੇਸਰੀ ਸਿੰਘ, ਲਾਲ ਸਿੰਘ ਤੇ ਗਾਰਡਨਰ ਤੁਰੇ। ਉਨ੍ਹਾਂ ਦੇ ਪਿਛੋਂ ਸੰਧਾਵਾਲੀਏ ਸ੍ਰਦਾਰ ਤੇ ਫੇਰ ਮਹਾਰਾਣੀ ਚੰਦ ਕੌਰ ਤੇ ਕੰਵਰ ਨੌਨਿਹਾਲ ਸਿੰਘ। ਡੋਗਰੇ ਸ੍ਰਦਾਰ, ਜਨਰਲ ਗਾਰਡਨਰ, ਕੇਸਰੀ ਸਿੰਘ ਤੇ ਲਾਲ ਸਿੰਘ ਪਾਸ ਬੰਦੂਕਾਂ ਹਨ ਤੇ ਸੰਧਾਵਾਲੀਏ ਸ੍ਰਦਾਰਾਂ ਪਾਸ ਤਲਵਾਰਾਂ। ਮਹਾਰਾਣੀ ਚੰਦ ਕੌਰ ਤੇ ਕੰਵਰ ਸਾਹਿਬ ਖਾਲੀ ਹੱਥ ਹਨ।

ਸ਼ਾਹੀ ਮਹੱਲ ਦੇ ਬਾਹਰ ਇਸ ਸਮੇਂ ਚੁਪ ਛਾਈ ਹੋਈ ਏ। ਨਾ ਅੰਦਰੋਂ ਕੋਈ ਅਵਾਜ਼ ਆਉਂਦੀ ਏ ਤੇ ਨਾ ਬਾਹਰੋਂ। ਦਰਵਾਜ਼ੇ ਪਰ ਤਲਵਾਰਾਂ ਫੜੀ ਦੋ ਪੂਰਬੀਏ ਗਭਰੂ ਪਹਿਰਾ ਦੇ ਰਹੇ ਹਨ। ਅਧੀ ਰਾਤ ਦੇ ਥੋੜਾ ਜਿਹਾ ਪਿਛੋਂ ਇਸ ਚੁਪ ਨੂੰ ਤੋੜਦੀ ਇਕ ਧਾੜ ਮਹੱਲ ਵਲ ਵਧੀ। ਇਸ ਧਾੜ ਵਿਚ ਉਹੋ ਬੰਦੇ ਹਨ, ਜਿਨ੍ਹਾਂ ਨੂੰ ਅਧੀ ਰਾਤ ਤਕ ਅਸੀਂ ਸ਼ਾਹੀ ਕਿਲੇ ਵਿਚ ਵੇਖਦੇ ਆਏ ਹਾਂ। ਰਾਜਾ ਧਿਆਨ ਸਿੰਘ, ਰਾਓ ਕੇਸਰੀ ਸਿੰਘ ਤੋਂ ਜਨਰਲ ਗਾਰਡਨਰ ਇਸ ਦੇ ਮੋਹਰੇ ਸਨ। ਇਨ੍ਹਾਂ ਦੇ ਦਰਵਾਜ਼ੇ ਪਰ ਪੂਜਦੇ ਹੀ ਪੂਰਬੀ ਪਹਿਰੇਦਾਰਾਂ ਨੇ ਲਲਕਾਰਿਆ:-

‘‘ਇਸ ਸਮੇਂ ਕੌਨ ਹੈ?"

‘‘ਕਿਉਂ ਭੌਕਦੇ ਹੋ ਕੁਤਿਓ।’’ ਇਕ ਰੋਹਬਦਾਰ ਅਵਾਜ਼ ਵਿਚ ਉਤਰ ਮਿਲਿਆ।

‘‘ ਹਮ ਨਹੀਂ ਜਾਨੇ ਦੇਂਗੇ, ਮਾਲਕ ਕਾ ਹੁਕਮ ਨਹੀਂ ਹੈ।’’ ਪੂਰਬੀ ਪਹਿਰੇਦਾਰਾਂ ਨੇ ਤਲਵਾਰਾਂ ਸੂਤਦੇ ਹੋਏ ਕਿਹਾ।

"ਹੂੰ’’ ਕਹਿ ਕੇ ਰਾਜਾ ਧਿਆਨ ਸਿੰਘ ਨੇ ਇਕ

-੯੫-