ਪੰਨਾ:ਰਾਜਾ ਧਿਆਨ ਸਿੰਘ.pdf/94

ਇਹ ਸਫ਼ਾ ਪ੍ਰਮਾਣਿਤ ਹੈ

ਪਰ ਆਜ਼ਾਦੀ ਤੋਂ ਚੰਗੀ ਸ਼ੈ ਕੋਈ ਨਹੀ। ਤੁਸੀਂ ਚੇਤ ਸਿੰਘ ਨੂੰ ਵਿਚੋਂ ਹਟਾਉਣ ਦਾ ਵਿਰੋਧ ਕਰਦੇ ਹੋ ਪਰ ਕੀ ਆਜ਼ਾਦੀ ਨਾਲੋਂ ਚੇਤ ਸਿੰਘ ਵਧੇਰੇ ਪਿਆਰਾ ਹੈ। ਪਤਾ ਏ ਸ਼ੇਰੇ ਪੰਜਾਬ ਦੇ ਝੰਡੇ ਹੇਠ ਕਿਤਨੇ ਬਹਾਦੁਰ ਸਿੰਘਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਿਖ ਰਾਜ ਕਾਇਮ ਕੀਤਾ ਸੀ ਤਦ ਕੀ ਇਕ ਚੇਤ ਸਿੰਘ ਬਦਲੇ ਇਹ ਸੁਤੰਤਰ ਸਿਖ ਰਾਜ ਕੁਰਬਾਨ ਕਰ ਦਿਤਾ ਜਾਵੇ, ਨਹੀਂ ਇਹ ਕਦੇ ਨਹੀਂ ਹੋ ਸਕਦਾ। ਭਰਾਵੋ! ਜੇ ਮੇਰੀ ਰਾਇ ਪੁਛਦੇ ਹੋ ਤਾਂ ਇਕ ਚੇਤ ਸਿੰਘ ਕੀ-ਹਜ਼ਾਰਾਂ ਚੇਤ ਸਿੰਘ ਪੰਜਾਬ ਦੀ ਅਜ਼ਾਦੀ ਤੋਂ ਕੁਰਬਾਨ ਕੀਤੇ ਜਾ ਸਕਦੇ ਹਨ, ਬਾਕੀ ਰਹੀ ਮਹਾਰਾਜਾ ਖੜਕ ਸਿੰਘ ਦੀ ਗਲ, ਉਹ ਕਿਹੜਾ ਨਿਮਕ ਹਰਾਮ ਹੋ ਸਕਦਾ ਏ ਕਿ ਜਿਸ ਨੂੰ ਆਪਣੇ ਸੰਤ ਸਰੂਪ ਪਾਤਸ਼ਾਹ ਨੂੰ ਕਸ਼ਟ ਦੇਣ ਦਾ ਸੁਫਨੇ ਵਿਚ ਵੀ ਖਿਆਲ ਆ ਸਕਦਾ ਹੈ। ਹਾਂ, ਸਿਖ ਰਾਜ ਨੂੰ ਬਚਾਉਣ ਲਈ ਉਨ੍ਹਾਂ ਨੂੰ ਕੁਝ ਦਿਨਾਂ ਲਈ ਇਕਾਂਤ ਵਿਚ ਰੱਖਣਾ ਜ਼ਰੂਰੀ ਹੈ।"

ਰਾਜਾ ਧਿਆਨ ਸਿੰਘ ਦੇ ਇਨ੍ਹਾਂ ਜਜ਼ਬਾਤੀ ਸ਼ਬਦਾਂ ਨਾਲ ਸਾਰੇ ਜਣੇ ਫੇਰ ਕੁਝ ਨਰਮ ਹੋ ਗਏ। ਉਸ ਨੇ ਆਪਣੀ ਤਕਰੀਰ ਦਾ ਸਿਲਸਿਲਾ ਜਾਰੀ ਰਖਦੇ ਹੋਏ ਕਿਹਾ-"ਰਾਜਸੀ ਸੰਸਾਰ ਵਿਚ ਕਈ ਵਾਰ ਮਨੁਖ ਨੂੰ ਸੁਤੰਤਰਤਾ ਤੇ ਰਾਜ ਦੀ ਰਾਖੀ ਲਈ ਕੁਝ ਨਾਮੁਨਾਸਬ ਕੰਮ ਭੀ ਕਰਨੇ ਪੈਂਦੇ ਹਨ ਪਰ ਰਾਜਨੀਤੀ ਦੇ ਨੁਕਤਾ ਨਿਗਾਹ ਨਾਲ ਉਹ ਗਲਤ ਨਹੀਂ ਹੁੰਦੇ। ਤੁਸਾਂ ਚੇਤ ਸਿੰਘ ਦੇ ਕਤਲ ਦਾ ਵਿਰੋਧ ਕੀਤਾ ਏ ਪਰ ਜ਼ਰਾ ਸੋਚੋ ਤਾਂ ਸਹੀ ਕੀ ਇਸ ਵਿਚ ਮੇਰੀ ਕੋਈ ਖੁਦਗਰਜੀ ਏ, ਭਰਾਵੋ! ਮੈਂ ਤਾਂ ਪਹਿਲਾਂ ਹੀ ਕਹਿ ਚੁਕਿਆ ਹਾਂ ਕਿ ਰਾਜਸੀ

-੯੦-