ਪੰਨਾ:ਰਾਜਾ ਧਿਆਨ ਸਿੰਘ.pdf/72

ਇਹ ਸਫ਼ਾ ਪ੍ਰਮਾਣਿਤ ਹੈ

‘‘ਪਾਗਲ ਨਾ ਹੋ ਧਿਆਨ ਸਿੰਘ।’’ ਗੁਲਾਬ ਸਿੰਘ ਬੋਲਿਆ।

‘‘ਭਾਈਆ, ਜਦ ਮਾਲਕ ਨਹੀਂ ਰਿਹਾ ਤਾਂ ਇਸ ਗੁਲਾਮ ਨੇ ਰਹਿ ਕੇ ਕੀ ਕਰਨਾ ਏ, ਜਾਣ ਦਿਓ ਉਸ ਦੇ ਨਾਲ ਹੀ, ਕਰ ਲੈਣ ਦਿਓ ਉਸ ਦਾ ਨਿਮਕ ਹਲਾਲ!’’

‘‘ਤੂੰ ਭੁਲਦਾ ਏਂ ਧਿਆਨ ਸਿੰਘਾ! ਉਸ ਦਾ ਨਿਮਕ ਹਲਾਲ ਕਰਨ ਦਾ ਇਹ ਢੰਗ ਨਹੀਂ। ਜੇ ਤੂੰ ਨਾ ਰਿਹੋਂ ਤਾਂ ਤੇਰੇ ਬਾਝ ਉਸਦੀ ਪਾਤਸ਼ਾਹੀ ਕੌਣ ਕਇਮ ਰਖੂਗਾ।’’ ਗੁਲਾਬ ਸਿੰਘ ਨੇ ਕਿਹਾ।

‘‘ਭਾਈਆ ਇਹੋ ਜਿਹੀਆਂ ਗਲਾਂ ਨਾ ਕਰੋ, ਜਾਂ ਲੈਣ ਦਿਓ ਆਪਣੇ ਮਾਲਕ ਦੇ ਨਾਲ ਹੀ ਮੈਨੂੰ।’’ ਧਿਆਨ ਸਿੰਘ ਨੇ ਸੁਚੇਤ ਸਿੰਘ ਤੇ ਗੁਲਾਬ ਸਿੰਘ ਦੀ ਪਕੜ ਵਿਚੋਂ ਨਿਕਲਕੇ ਚਿਖਾ ਵਲ ਭਜਣ ਦਾ ਯਤਨ ਕਰਦੇ ਹੋਏ ਆਖਿਆ।

ਗੁਲਾਬ ਸਿੰਘ ਨੇ ਫੇਰ ਭਜ ਕੇ ਉਸਨੂੰ ਜੱਫੀ ਵਿਚ ਲੈ ਲਿਆ ਤੇ ਉਸਨੇ ਫੇਰ ਭਜ ਨਿਕਲਣ ਦਾ ਯਤਨ ਕੀਤਾ। ਕੋਲੋਂ ਹੀਰਾ ਸਿੰਘ ਬੋਲ ਉਠਿਆ ‘‘ਪਿਤਾ ਜੀ! ਜਾਣ ਵਾਲੇ ਚਲੇ ਗਏ। ਸਿਖ ਰਾਜ ਦੀ ਸ਼ਾਨ ਤੁਹਾਡੇ ਬਿਨਾਂ ਕਾਇਮ ਨਹੀਂ ਰਹਿਣੀ, ਤੁਸੀਂ ਇਸ ਤਰ੍ਹਾਂ ਨਾ ਕਰੋ!’’

‘‘ਬੀਬਾ ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ ਨੇ। ਮਾਲਕ ਤੋਂ ਬਿਨਾਂ ਮੈਂ ਨਹੀਂ ਜੀਉਂਦਾ ਰਹਿ ਸਕਦਾ। ਤੁਸਾਂ ਨਵੇਂ ਮਹਾਰਾਜ ਦੇ ਵਫਾਦਾਰ ਰਹਿ ਕੇ ਆਪਣਾ ਫ਼ਰਜ਼ ਪੂਰਾ ਕਰਨਾ।’’ ਇਹ ਕਹਿ ਕੇ ਧਿਆਨ ਸਿੰਘ ਨੇ ਫੇਰ ਚਿਖਾ ਵਲ ਭਜਣ ਦਾ ਯਤਨ ਕੀਤਾ।

-੬੮-