ਪੰਨਾ:ਰਾਜਾ ਧਿਆਨ ਸਿੰਘ.pdf/63

ਇਹ ਸਫ਼ਾ ਪ੍ਰਮਾਣਿਤ ਹੈ

ਰਾਣੀਆਂ ਸਤੀ ਹੋਣ ਲਈ ਤਿਆਰ ਖੜੀਆਂ ਸਨ। ਰੇਸ਼ਮੀ ਰਿਟੀਆਂ ਪੁਸ਼ਾਕਾਂ ਵਿਚ ਉਹ ਇਸ ਤਰ੍ਹਾਂ ਭਾਸਦੀਆਂ ਸਨ, ਜਿਸ ਤਰ੍ਹਾਂ ਸੁਵਰਗ ਦੀਆਂ ਦੇਵੀਆਂ ਸੰਸਾਰ ਨੂੰ ਝਲਕਾਰਾ ਦੇ ਕੇ ਵਾਪਸ ਜਾ ਰਹੀਆਂ ਹੁੰਦੀਆਂ ਹਨ। ਮਹਾਰਾਜ ਦਾ ਬਬਾਨ ਸ਼ਾਹੀ ਕਿਲੇ ਦੇ ਸਾਹਮਣੇ ਰਖਿਆ ਗਿਆ। ਰਾਣੀਆਂ ਆਪਣੇ ਜ਼ਿੰਦਗੀ ਦੇ ਸਾਥੀ ਦੀ ਉਡੀਕ ਵਿਚ ਪਹਿਲਾਂ ਹੀ ਖੜੀਆਂ ਸਨ। ਇਸ ਸਮੇਂ ਉਨ੍ਹਾਂ ਦੀਆਂ ਅਖਾਂ ਵਿਚ ਹੰਝੂ ਨਹੀਂ ਸਨ, ਉਨ੍ਹਾਂ ਦੇ ਚੇਹਰਿਆ ਪਰ ਗੰਭੀਰਤਾ ਸੀ ਤੇ ਇਉਂ ਮਲੂਮ ਹੁੰਦਾ ਸੀ ਕਿ ਉਨ੍ਹਾਂ ਦੇ ਚਿਤ ਵਿਚ ਕੋਈ ਮਲਾਲ ਨਹੀਂ। ਪਤੀ ਦਾ ਸਦੀਵੀ ਵਿਛੋੜਾ ਪਤਨੀ ਲਈ ਅਸਹਿ ਹੈ ਪਰ ਸਤੀ ਲਈ ਇਹ ਕੁਝ ਵੀ ਨਹੀਂ। ਹੋਵੇ ਵੀ ਕਿਉਂ ਜਦ ਕਿ ਆਪਣੇ ਸਾਥੀ ਦੇ ਨਾਲ ਹੀ ਸੁਵਰਗਪੁਰੀ ਜਾਣ ਦੀ ਤਿਆਰੀ ਹੋ ਚੁਕੀ ਹੋਵੇ। ਹਾਂ, ਸੰਸਾਰਕ ਤੌਖਲਿਆ ਤੋਂ ਹਾਲਾਂ ਤਕ ਵੀ ਉਨ੍ਹਾਂ ਨੂੰ ਛੁਟਕਾਰਾ ਨਹੀਂ ਮਿਲਿਆ ਸੀ। ਆਪਸ ਵਿਚ ਉਹ ਹਾਲਾਂ ਭੀ ਘੁਸਰ ਮੁਸਰ ਕਰ ਰਹੀਆਂ ਸਨ। ਪ੍ਰਤੀਤ ਹੁੰਦਾ ਸੀ ਕਿ ਕਿਸੇ ਡੂੰਘੇ ਸਵਾਲ ਪਰ ਵਿਚਾਰ ਹੋ ਰਹੀ ਏ। ਡੂੰਘਾ ਸਵਾਲ ਕੀ, ਉਨ੍ਹਾਂ ਨੂੰ ਆਪਣੇ ਪਤੀ ਦੇਵ ਦਾ ਰਾਜ ਭਾਗ ਖਤਰੇ ਵਿਚ ਦਿਸ ਰਿਹਾ ਸੀ। ਡੋਗਰੇ ਸ੍ਰਦਾਰ ਸਾਹਮਣੇ ਖੜੇ ਉਨ੍ਹਾਂ ਨੂੰ ਆਪਣੇ ਰਾਜ ਦੇ ਜੰਮ ਪ੍ਰਤੀਤ ਹੋ ਰਹੇ ਸਨ ਪਰ ਉਹ ਕਰ ਕੀ ਸਕਦੀਆਂ ਸਨ, ਇਸ ਅਖੀਰੀ ਸਮੇਂ-ਜਦ ਕਿ ਘੜੀ ਦੋ ਘੜੀਆਂ ਵਿਚ ਉਨ੍ਹਾਂ ਨੇ ਆਪਣੇ ਪਤੀ ਦੇਵ ਨਾਲ ਦੂਸਰੀ ਦੁਨੀਆਂ ਵਿਚ ਚਲੀਆਂ ਜਾਣਾ ਏ, ਉਥੇ ਜਿਥੇ ਜਾਕੇ ਇਸ ਦੁਨੀਆਂ ਨਾਲ ਕੋਈ ਸਬੰਧ ਬਾਕੀ ਨਹੀਂ ਰਹਿੰਦਾ ਪਰ ਜਿਤਨਾ ਚਿਰ ਇਸ ਨਾਲ ਜ਼ਰਾ ਮਾਸਾ ਭੀ ਸਬੰਧ

-੫੯-