ਪੰਨਾ:ਰਾਜਾ ਧਿਆਨ ਸਿੰਘ.pdf/128

ਇਹ ਸਫ਼ਾ ਪ੍ਰਮਾਣਿਤ ਹੈ

ਜਾਂਦਾ ਏ; ਸਗੋਂ ਉਹ ਉਲਟੇ ਜਾਨ ਦੇ ਲਾਗੂ ਬਣ ਜਾਂਦੇ ਹਨ, ਮਹਾਰਾਜਾ ਨੌਨਿਹਾਲ ਸਿੰਘ ਦੇ ਦਿਲ ਵਿਚ ਇਹ ਗਲ ਬਹਿ ਤਾਂ ਗਈ ਹੈ ਪਰ ਇਸਨੂੰ ਅਮਲੀ ਰੂਪ ਦੇਣ ਲਈ ਜਿਸ ਫੁਰਤੀ ਦੀ ਲੋੜ ਹੈ, ਉਹ ਉਸਦੇ ਅਮਲ ਵਿਚ ਨਹੀਂ ਦਿਸਦੀ।

ਦੂਜੇ ਪਾਸੇ ਡੋਗਰਾ ਸਰਦਾਰਾਂ ਦੇ ਦਿਲ ਵਿਚ ਕੀ ਏ? ਇਸ ਦਾ ਕਿਸੇ ਨੂੰ ਠੀਕ ਪਤਾ ਨਹੀਂ। ਕੋਈ ਨਹੀਂ ਜਾਣਦਾ ਕਿ ਉਹ ਕੀ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਨੇ ਸਿਖ ਰਾਜ ਦੇ ਇਤਿਹਾਸ ਵਿਚ ਜਿਹੜਾ ਖੁੂਨੀ-ਕਾਂਡ ਸੁਰੂ ਕਰ ਰਖਿਆ ਏ, ਉਸਦਾ ਅੰਤ ਕਦ ਹੋਵੇਗਾ। ਹਾਂ, ਉਨ੍ਹਾਂ ਦੀ ਪੁਰਮਾਅਨੀ ਚੁਪ ਨਾਲ ਕਈ ਤਰ੍ਹਾਂ ਦੀ ਚਰਚਾ ਹੋ ਰਹੀ ਏ।

ਅਜ ਅਸੀਂ ਰਾਵੀ ਦੇ ਕੰਢੇ ਦੋਹਾਂ ਡੋਗਰਾ ਭਰਾਵਾਂ ਗੁਲਾਬ ਸਿੰਘ ਤੇ ਧਿਆਨ ਸਿੰਘਨੂੰ ਟਹਿਲਦੇ ਹੋਏ ਵੇਖ ਰਹੇ ਹਾਂ, ਭਾਵੇਂ ਉਨ੍ਹਾਂ ਦੇ ਨੇੜੇ ਕੋਈ ਨਹੀਂ ਪਰ ਤਦ ਵੀ ਉਹ ਨਿਹਾਇਤ ਹੌਲੀ ਹੌਲੀ ਗੱਲਾਂ ਕਰ ਰਹੇ ਹਨ, ਜਿਨ੍ਹਾਂ ਨੂੰ ਸੁਣਨਾ ਅਸੰਭਵ ਹੈ। ਇਸ ਤਰ੍ਹਾਂ ਉਹ ਕੋਈ ਘੰਟਾ ਸਵਾ ਘੰਟਾ ਏਧਰ ਤੋਂ ਓਧਰ ਘੁੰਮਦੇ ਰਹੇ। ਉਨ੍ਹਾਂ ਦੇ ਚੇਹਰਿਆਂ ਤੋਂ ਇਉਂ ਭਾਸਦਾ ਸੀ, ਮਾਨੋ ਭਿਆਨਕ ਕੰਮ ਕਰਨ ਦਾ ਬਾਨਣੂ ਬੰਨ ਰਹੇ ਹਨ। ਇਸ ਗਲ ਕਥ ਦੇ ਪਿਛੋਂ ਡੋਗਰੇ ਭਰਾ ਘੋੜਿਆਂ ਪਰ ਸਵਾਰ ਹੋ ਕੇ ਸ਼ਹਿਰ ਨੂੰ ਮੁੜੇ। ਹੁਣ ਉਹ ਨਿਸਚਿੰਤ ਜਿਹੇ ਭਾਸਦੇ ਸਨ। ਮਲੂਮ ਹੁੰਦਾ ਸੀ ਕਿ ਉਹ ਕੋਈ ਕਤੱਈ ਫੈਸਲਾ ਕਰਕੇ ਬੇ-ਫਿਕਰ ਹੋ ਚੁਕੇ ਹਨ। ਗੁਲਾਬ ਸਿੰਘ ਕਹਿ ਰਿਹਾ ਸੀ- ‘‘ਧਿਆਨ ਸਿੰਘਾ ਤੇਰੀ ਸਲਾਹ ਮੇਰੇ ਮਨ ਲਗੀ ਏ।’’

-੧੨੬-