ਪੰਨਾ:ਰਾਜਾ ਧਿਆਨ ਸਿੰਘ.pdf/12

ਇਹ ਸਫ਼ਾ ਪ੍ਰਮਾਣਿਤ ਹੈ

ਇਨਸਾਨ ਰੋਜ਼ੀ ਲਈ ਘਰੋ ਨਿਕਲਦਾ ਏ। ਉਸ ਸਮੇਂ ਉਸ ਦੀ ਲਾਲਸਾ ਕੇਵਲ ਇਹੋ ਹੁੰਦੀ ਏ ਕਿ ਕਿਤੇ ਕੰਮ ਬਣ ਤੇ ਉਹ ਆਪਣਾ ਤੇ ਆਪਣੇ ਬਾਲ-ਬੱਚੇ ਦਾ ਢਿੱਡ ਭਰ ਸਕੇ ਪਰ ਇਤਨਾ ਕੁਝ ਮਿਲਣ ਪਿੱਛੋਂ ਉਸ ਦੀ ਲਾਲਸਾ ਹੋਰ ਵਧਦੀ ਏ ਤੇ ਹੌਲੀ ਹੌਲੀ ਇਤਨੀ ਵਧ ਜਾਂਦੀ ਏ ਕਿ ਊਸਦਾ ਅੰਤ ਕਿਤੇ ਭੀ ਨਹੀਂ ਹੁੰਦਾ..........ਹੱਦ ਕਿਤੇ ਭੀ ਨਹੀਂ ਆਉਂਦੀ; ਪਰੰਤੂ ਇਹ ਬੁਰਾ ਨਹੀਂ ਏ। ਮਨੁੱਖ ਦੀ ਜ਼ਿੰਦਗੀ ਇਕ ਤਕੜਾ ਯੁਧ ਏ ਤੇ ਇਸ ਵਿਚ ਮਾਰੋ ਮਾਰ ਕਰਕੇ ਅੱਗੇ ਵਧਣਾ ਉਸਦਾ ਹੱਕ ਹੈ। ਧਿਆਨ ਸਿੰਘ ਭੀ ਰੋਟੀ ਦੇ ਸਵਾਲ ਤੋਂ ਵੇਹਲਾ ਹੋ ਕੇ ਹੁਣ ਇਸ ਜਦੋ-ਜਹਿਦ ਵਿਚ ਅੱਗੇ ਵਧਣ ਲਈ ਸੋਚਣ ਲੱਗਾ।

ਇਹ ਦੋਵੇਂ ਡੋਗਰੇ ਭਰਾ ਗੁਲਾਬ ਸਿੰਘ ਤੇ ਧਿਆਨ ਸਿੰਘ ਜਮਾਦਾਰ ਖੁਸ਼ਹਾਲ ਸਿੰਘ ਦਵਾਰਾ ਭਰਤੀ ਹੋਏ ਸਨ ਤੇ ਉਸ ਦੇ ਅਹਿਸਾਨ ਮੰਦ ਸਨ। ਇਸ ਲਈ ਉਹ ਜਮਾਦਾਰ ਸਾਹਿਬ ਦੇ ਘਰ ਆਮ ਆਉਂਦੇ ਜਾਂਦੇ ਸਨ, ਧਿਆਨ ਸਿੰਘ ਜਿੱਥੇ ਸ਼ੇਰੇ ਪੰਜਾਬ ਦੀਆਂ ਨਜ਼ਰਾਂ ਵਿਚ ਜਚਦਾ ਜਾ ਰਿਹਾ ਸੀ, ਉਥੇ ਜਮਾਂਦਾਰ ਖੁਸ਼ਹਾਲ ਸਿੰਘ ਪਾਸ ਆਉਣਾ ਜਾਣਾ ਭੀ ਉਸ ਨੇ ਨਹੀਂ ਸੀ ਛਡਿਆ।

ਇਨ੍ਹੀਂ ਦਿਨੀਂ ਸ਼ੇਰੇ ਪੰਜਾਬ ਜਮਾਦਾਰ ਖੁਸ਼ਹਾਲ ਸਿੰਘ ਤੇ ਕੁਝ ਗੁੱਸੇ ਹੋ ਗਏ। ਬਾਦਸ਼ਾਹ ਕੰਨਾਂ ਦੇ ਬਹੁਤ ਕੱਚੇ ਹੁੰਦੇ ਹਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਭਾਵੇਂ ਬਹੁਤ ਦੂਰ-ਦਰਸੀ ਤੇ ਸਿਆਣਾ ਬਾਦਸ਼ਾਹ ਸੀ ਪਰ ਇਸ ਇਲਜ਼ਾਮ ਤੋਂ ਸੋਲਾਂ ਆਨੇ ਬਰੀ ਉਸਨੂੰ ਭੀ ਨਹੀਂ ਕੀਤਾ ਜਾ ਸਕਦਾ।

-੮-