ਪੰਨਾ:ਰਾਜਾ ਧਿਆਨ ਸਿੰਘ.pdf/112

ਇਹ ਸਫ਼ਾ ਪ੍ਰਮਾਣਿਤ ਹੈ

ਮੰਡਲ ਪੈਦਾ ਹੋ ਗਿਆ ਤਾਂ ਉਸ ਨੇ ਸ਼ਾਹੀ ਤਖਤ ਪਰ ਖੜੇ ਹੋਕੇ ਕਹਿਣਾ ਸ਼ੁਰੂ ਕੀਤਾ:-

‘‘ਮੇਰੇ ਪਿਆਰੇ ਸ੍ਰਦਾਰੋ! ਜਿਸ ਜਾਨ ਨਸਾਰੀ ਨਾਲ ਤੁਸਾਂ ਇਸ ਰਾਜ ਨੂੰ ਕਾਇਮ ਕੀਤਾ ਤੇ ਸੰਭਾਲਿਆ ਹੈ, ਇਸ ਲਈ ਮੈਂ ਤੁਹਾਡਾ ਹਮੇਸ਼ਾਂ ਲਈ ਰਿਣੀ ਰਹਾਂਗਾ। ਮੈਨੂੰ ਆਪਣੇ ਇਕ ਇਕ ਸ੍ਰਦਾਰ ਤੇ ਅਫਸਰ ਦੀ ਵਫਾਦਾਰੀ ਪਰ ਆਪਣੀ ਜਾਨ ਤੋਂ ਭੀ ਵਧੇਰੇ ਭਰੋਸਾ ਹੈ ਤੇ ਇਸ ਭਰੋਸੇ ਦੇ ਸਦਕੇ ਮੈਂ ਕਹਿ ਸਕਦਾ ਹਾਂ ਕਿ ਸਿਖ ਰਾਜ ਦਾ ਸਤਾਰਾ ਹਾਲਾਂ ਹੋਰ ਚਮਕੇਗਾ। ਸਿੱਖ ਰਾਜ ਦੀਆਂ ਚੜ੍ਹਦੀਆਂ ਕਲਾਂ ਦਾ ਸੇਹਰਾ ਦਾਦਾ ਜੀ ਦੇ ਸਮੇਂ ਤੋਂ ਆ ਰਹੇ ਸਾਡੇ ਵਜ਼ੀਰ ਆਜ਼ਮ ਸਤਿਕਾਰ ਜੋਗ ਰਾਜਾ ਧਿਆਨ ਸਿੰਘ ਦੇ ਸਿਰ ਪਰ ਹੈ ਤੇ ਇਨ੍ਹਾਂ ਬਜ਼ੁਰਗਾਂ ਦਾ ਮੈਂ ਦਿਲੋਂ ਅਹਿਸਾਨਮੰਦ ਹਾਂ।’’

ਇਤਨਾ ਕਹਿਣ ਪਿਛੋਂ ਮਹਾਰਾਜਾ ਨੌਨਿਹਾਲ ਸਿੰਘ ਨੇ ਆਪਣੇ ਗਲੋਂ ਮੋਤੀਆਂ ਦੀ ਮਾਲਾ ਲਾਹ ਕੇ ਰਾਜਾ ਧਿਆਨ ਸਿੰਘ ਦੇ ਗਲ ਵਿਚ ਪਾਈ ਤੇ ਫੇਰ ਕਹਿਣਾ ਸ਼ੁਰੂ ਕੀਤਾ:-

‘‘ਇਸ ਤੋਂ ਪਹਿਲਾਂ ਰਾਜ-ਤਿਲਕ ਵਾਲੇ ਦਿਨ ਰਾਜਾ ਧਿਆਨ ਸਿੰਘ ਨੇ ਕਿਹਾ ਸੀ ਕਿ ਉਹ ਛੇਤੀ ਹੀ ਬਾਕੀ ਜ਼ਿੰਦਗੀ ਭਜਨ ਬੰਦਗੀ ਵਿਚ ਗੁਜ਼ਾਰਨ ਲਈ ਗੰਗਾ ਜਾ ਰਹੇ ਹਨ। ਮੈਂ ਇਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਨ੍ਹਾਂ ਦੀ ਰਾਜ-ਭਗਤੀ ਤੇ ਦੇਸ-ਭਗਤੀ ਈਸ਼ਵਰ ਭਗਤੀ ਤੋਂ ਹਜ਼ਾਰ ਦਰਜੇ ਚੰਗੀ ਏ। ਇਸ ਦੁਵਾਰਾ ਇਹ ਕਰੋੜਾਂ ਜੀਆਂ ਦਾ ਭਲਾ ਕਰ ਰਹੇ ਹਨ। ਇਸ ਹਾਲਤ ਵਿਚ ਅਸੀਂ ਇਨ੍ਹਾਂ ਨੂੰ ਇਥੋਂ ਜਾਣ ਦੀ ਕਦੇ ਆਗਿਆ ਨਹੀਂ ਦੇ ਸਕਦੇ।’’

-੧੧੦-