ਪੰਨਾ:ਰਾਜਾ ਧਿਆਨ ਸਿੰਘ.pdf/111

ਇਹ ਸਫ਼ਾ ਪ੍ਰਮਾਣਿਤ ਹੈ

ਸਿਆਣਾ ਨੀਤੀਵਾਨ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਪਰ ਵੱਡੀਆਂ ਵੱਡੀਆਂ ਆਸਾਂ ਸਨ ਤੇ ਉਸ ਨੂੰ ਨਿਸਚਾ ਸੀ ਕਿ ਨੌਨਿਹਾਲ ਸਿੰਘ ਉਸ ਵਾਂਗ ਪੰਜਾਬ ਦਾ ਰਾਜ ਸੰਭਾਲ ਸਕੇਗਾ ਤੇ ਵਧਾ ਵੀ ਸਕਗਾ। ਸ਼ੇਰੇ ਪੰਜਾਬ ਨੇ ਕਈ ਵਾਰ ਖੜਕ ਸਿੰਘ ਦੀ ਥਾਂ ਨੌਨਿਹਾਲ ਸਿੰਘ ਨੂੰ ਤਖਤ ਪਰ ਬਿਠਾਉਣ ਦਾ ਖਿਆਲ ਭੀ ਕੀਤਾ ਸੀ ਪਰ ਚੂੰਕਿ ਪਹਿਲਾਂ ਖੜਕ ਸਿੰਘ ਦੀ ਜਾਨਸ਼ੀਨੀ ਦਾ ਏਲਾਨ ਹੋ ਚੁਕਿਆ ਸੀ, ਇਸ ਲਈ ਪਿਛੋਂ ਉਸ ਵਿਚ ਅਦਲਾ ਬਦਲੀ ਕਰਨੀ ਠੀਕ ਨਹੀਂ ਸਮਝੀ ਗਈ ਪਰ ਅਕਾਲ ਪੁਰਖ ਦੇ ਰੰਗ ਨਿਆਰੇ ਸਨ। ਸ਼ੇਰੇ ਪੰਜਾਬ ਨੂੰ ਅਖਾਂ ਮੀਟੇ ਹਾਲਾਂ ਚਾਰ ਮਹੀਨੇ ਭੀ ਨਹੀਂ ਹੋਏ ਕਿ ਪੰਜਾਬ ਦੇ ਤਖਤ ਪਰ ਨੌਨਿਹਾਲ ਸਿੰਘ ਨੂੰ ਬੈਠਣਾ ਪਿਆ। ਪੰਜਾਬ ਰਾਜ ਦੇ ਖੈਰਖਾਹ ਸਰਦਾਰਾਂ ਨੂੰ ਜਿਥੇ ਮਹਾਰਾਜਾ ਖੜਕ ਸਿੰਘ ਨਾਲ ਕੀਤੀ ਗਈ ਚਲਾਕੀ ਦਾ ਰੰਜ ਸੀ, ਉਥੇ ਮਹਾਰਾਜਾ ਨੌਨਿਹਾਲ ਸਿੰਘ ਦੇ ਤਖਤ ਪਰ ਬੈਠਣ ਦੀ ਖੁਸ਼ੀ ਭੀ ਸੀ। ਉਹ ਸਮਝਦੇ ਸਨ ਕਿ ਨੌਨਿਹਾਲ ਸਿੰਘ ਜਿਹਾ ਸਿਆਣਾ ਤੇ ਦਲੇਰ ਹਾਕਮ ਹੀ ਪੰਜਾਬ ਦਾ ਤਖਤ ਸਾਂਭ ਸਕਦਾ ਏ ਤੇ ਡੋਗਰਾ ਗਰਦੀ ਪਰ ਕਾਬੂ ਪਾ ਸਕਦਾ ਏ।

ਜਿਹਾ ਕੁ ਉਪਰ ਦੱਸਿਆ ਜਾ ਚੁਕਿਆ ਹੈ, ਮਹਾਰਾਜਾ ਨੌਨਿਹਾਲ ਸਿੰਘ ਨਿਹਾਇਤ ਦਲੇਰ, ਨਿਹਾਇਤ ਸਿਆਣਾ ਤੇ ਨਿਹਾਇਤ ਦੂਰ ਅੰਦੇਸ਼ ਸੀ। ਧਿਆਨ ਸਿੰਘ ਨੇ ਮਹਾਰਾਜਾ ਖੜਕ ਸਿੰਘ ਨੂੰ ਤਖਤੋਂ ਲਾਹੁਣ ਲਈ ਤੇ ਸ: ਚੇਤ ਸਿੰਘ ਨੂੰ ਕਤਲ ਕਰਨ ਲਈ ਜਿਹੜੀ ਚਾਲਾਕੀ ਉਸ ਦੀਆਂ ਅਖਾਂ ਦੇ ਸਾਹਮਣੇ ਕੀਤੀ, ਉਸ ਨੇ ਨੌਜਵਾਨ ਨੌਨਿਹਾਲ ਸਿੰਘ

-੧੦੭-