ਪੰਨਾ:ਯੂਸੁਫ਼ ਜ਼ੁਲੈਖ਼ਾਂ - ਹਾਫ਼ਿਜ਼ ਬਰਖ਼ੁਰਦਾਰ.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯੂਸਫ਼ ਜ਼ੁਲੈਖਾ

3

ਅਵਲ ਨਜ਼ਰ ਖ਼ੁਦਾ ਵਲ ਕਰ ਬੰਦੇ, ਨਜ਼ਰ ਦਰੂਨੀ[1] ਘਤੇ।

ਕੁਦਰਤ ਦਾ ਰੱਬ ਕੋਟ[2] ਬਣਾਇਆ, ਧਰ ਦਰਵਾਜ਼ੇ ਸੱਤੇ। 18।


ਦੋ ਰਾਹੀਂ ਉਹ ਬਾਹਿਰ ਆਵੇ, ਮੈਲ ਕਸਾਫ਼ਤ[3] ਸਾਰੀ।

ਵਾਓ ਦੀ ਵਿੱਚ ਕਲਾ ਬਣਾਈ, ਕਰਕੇ ਮਸਲਹਤ[4] ਭਾਰੀ। 19।


ਤਿਸ ਕੋਠੇ ਨੂ ਚਿੱਕੜ ਗਾਰਾ, ਇੱਟ ਨਾ ਲਗੋ ਵੱਟਾ

ਕਬਰਾ ਜਾਵਣ ਚੁਟਕੀ ਭਰਕੇ, ਮਲਕ[5] ਲਿਆਵਣ ਘੱਟਾ। 201


ਗੰਦੇ ਪਾਣੀ ਨਾਲ ਰਲਾਵਣ, ਸ਼ਿਕਮੇ[6] ਵਿੱਚ ਟਿਕਾਵਣ।

ਚਾਲ੍ਹੀ ਰੋਜ਼ੀ ਲੋਹੂ ਕਰਕੇ, ਚਾਲੀਂ ਮਾਸ ਬਣਾਵਣ। 21।


ਵਤ ਚਾਲ੍ਹੀ ਰੋਜ਼ੀ ਲੋਹੂ ਕਰਕੇ, ਚਾਲੀਂ ਰੂਹ ਪਵਾਇਆ।

ਵਾਲ ਜੰਮੇ ਨਹੁੰ ਸਾਬਤ ਹੋਏ, ਨਾਵੇਂ ਮਾਹ ਜਮਾਇਆ। 22।


ਜੰਮਦਿਆਂ ਦਾਈਆ ਘੁੱਟੀ ਦੇਵਣ, ਦੁੱਧ ਰਲਾਵਣ ਵਾਤਾਂ।

ਭਾਵੇਂ ਤੁੰਬਾਂ ਜ਼ਹਿਰੇ ਵਾਲਾ, ਦਸਤ[7] ਪ੍ਰਾਏ ਵਾਤਾਂ[8]। 23।


ਜਾਂ ਜਾਂ ਅਕਲ ਸ਼ਊਰ ਨਾਬਾਲਗ਼[9], ਤਾਂ ਤਾਂ ਪਾਕ[10] ਗੁਨਾਹੋਂ।

ਬਾਲਿਗ਼ ਹੋਇਆ ਰਾਹ ਪਛਾਤਾ ਯਾ ਉਹ ਭੁੱਲਾ ਰਾਹੋਂ। 24।


ਰਾਹ ਪਛਾਣੇ ਮੰਜ਼ਲ ਪੁੱਛੇ, ਔਝੜ ਪਵੇ ਤਾਂ ਨੱਸੋ।

ਮਾਰੇ ਰਾਹ ਹਮੇਸ਼ਾਂ ਦੁਸ਼ਮਣ, ਲੱਗੀ ਘਾਤ ਨਾ ਖੱਸੋ। 25।


ਬਾਹਿਰ ਸ਼ੈਤਾਂ[11] ਨਫ਼ਸ[12] ਦਰੂਨੇ ਗ਼ਾਲਿਬ[13] ਦੁਸ਼ਮਣ ਦੋਵੇਂ।

ਜੋ ਰੱਬ ਲਿਖਿਆ ਰੋਜ਼ ਅਜ਼ਲ ਦੇ, ਓੜਕ ਹੱਸੀ ਓਵੇਂ। 26।


ਜਿਸ ਮੌਲੇ ਉਹ ਦੁਸ਼ਮਨ ਕੀਤੇ, ਉਹ ਨਾ ਦੁਸ਼ਮਨ ਹੋਵੇ।

ਜੇ ਜਗ ਦੁਸ਼ਮਨ ਤੇ ਰੱਬ ਦੋਸਤ, ਖ਼ੌਫ਼ ਕਿਸੇ ਹੋਵੇ। 27।



  1. ਅੰਤਰ ਆਤਮਾ
  2. ਕਿਲਾ
  3. ਗੰਦਗੀ
  4. ਬਿਹਤਰੀ
  5. ਫਰਿਸ਼ਤਾ
  6. ਮੱਟ
  7. ਹੱਥ
  8. ਮੂੰਹ
  9. ਬੱਚਾ, ਅਣਜਾਣ
  10. ਪਵਿੱਤਰ
  11. ਸ਼ੈਤਾਨ
  12. ਵਿਕਾਰ
  13. ਬਲਵਾਨ