ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਗਏ ਲਖਾਂ ਹੀ ਮਨਾਂ ਦੇ ਭਾਰ ਹੇਠਾਂ,
ਜੀਂਦੇ ਸੋਹਲ ਮਲੂਕ ਇਨਸਾਨ ਦੱਬੇ।
ਕੱਠੇ ਕਾਲ ਕਸਾਈ ਨੇ, ਧੁਨੀ ਨਿਰਧਨ,
ਬੱਚੇ, ਔਰਤਾਂ, ਬੁਢੇ, ਜਵਾਨ, ਦੱਬੇ।
ਕਿਤੇ ਅਖੀਆਂ ਦੇ ਗਏ ਖਾਬ ਦੱਬੇ,
ਕਿਤੇ ਦਿਲਾਂ ਦੇ ਗਏ ਅਰਮਾਨ ਦੱਬੇ।
ਗਏ ਏਸ ਕੋਇਟੇ ਦੇ ਭੁਚਾਲ ਅੰਦਰ,
ਵੱਸੇ ਅਨਵੱਸੇ ਕਈ ਜਹਾਨ ਦੱਬੇ।

ਕੋਇਟਾ ਗ਼ਰਕ ਹੋ ਗਿਆ ਭੁਚਾਲ ਆਕੇ,
ਪਏ ਵੈਨ ਘਰ ਘਰ ਏਸ ਖਬਰ ਉੱਤੇ।
ਕੇਰੇ ਅਥਰੂ ਰਜਕੇ ਕੁਲ ਦੁਨੀਆਂ,
ਏਸ ਸਾਂਝੀ ਇਨਸਾਨ ਦੀ ਕਬਰ ਉੱਤੇ।
ਜਦੋਂ ਵਾੜ ਹੀ ਖੇਤ ਨੂੰ ਖਾਨ ਦੌੜੇ,
ਜਦੋਂ ਰੱਬ ਆਵੇ ਉਤਰ ਜਬਰ ਉੱਤੇ।
‘ਬੀਰ’ ਬੰਦੇ ਵਿਚਾਰੇ ਦਾ ਏਹੀ ਚਾਰਾ,
ਬੈਠ ਜਾਏ ਤੱਕੀਆ ਲਾਕੇ ਸਬਰ ਉੱਤੇ।


੫੮