ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਮੇਰੀ ਜ਼ਿੰਦਗਾਨੀ ਦੀ ਆਸ਼ਾ

ਮੇਰੀ ਜ਼ਿੰਦਗਾਨੀ ਦਾ ਆਸ਼ਾ ਏਹੀ ਸੀ,
ਤੇਰੀ ਜ਼ੁਲਫ ਅੰਦਰ ਗਿਫਤਾਰ ਹੋਨਾ।
ਤਬੀਬਾ ਤੂੰ ਏਹੋ ਸ਼ਫਾ ਮੇਰੀ ਸਮਝੀ,
ਮੁਹੱਬਤ ਕਿਸੇ ਦੀ ਦਾ ਬੀਮਾਰ ਹੋਨਾ।
ਮਿਲੇ ਜ਼ਿੰਦਗੀ ਮੌਤ ਦੋਵੇਂ ਇਕੱਠੇ,
ਕਿਸੇ ਨਾਲ ਨੈਣਾ ਦਾ ਸੀ ਚਾਰ ਹੋਨਾ।
ਵਸੱਲ ਪਿਛੇ ਮਨਜ਼ੂਰ ਸਾਨੂੰ ਜੁਦਾਈ,
ਜ਼ਰੂਰੀ ਜੇ ਫੁਲਾਂ ਨੂੰ ਹੈ ਖਾਰ ਹੋਨਾ।
ਲੁਟਾ ਸਲਤਨਤ ਦਿਲ ਦੀ ਰਸਤੇ ਤੇ ਉਸਦੇ,
ਅਜੇ ਵੀ ਨਹੀਂ ਆਇਆ ਹੁਸ਼ਿਆਰ ਹੋਨਾ।
ਕਿਹਾ ਬੁਲਬੁਲੇ ਫਟਕੇ ਪਾਨੀ ਦੇ ਅੰਦਰ,
ਕੀ ਇਸ ਜੀਵਨ ਤੇ ਗੁਨਾਹਗਾਰ ਹੋਨਾ।
ਜ਼ਰੂਰਤ ਰਹੀ ਨਾਵ ਦੀ ਨਾ ਮਲਾਹ ਦੀ,
ਜਦੋ ਆ ਗਿਆ ਡੁਬ ਕੇ ਪਾਰ ਹੋਨਾ।
ਕਹੇ 'ਬੀਰ’ ਮਨਸੂਰ ਸੂਲੀ ਤੇ ਚੜਕੇ,
ਨਹੀਂ ਔਂਦਾ ਡਿਗ ਡਿਗ ਕੇ ਅਸੱਵਾਰ ਹੋਨਾ।


੨੬