ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/37

ਇਹ ਸਫ਼ਾ ਪ੍ਰਮਾਣਿਤ ਹੈ

ਦੇਣੇ ਚਾਹੀਦੇ ਹਨ, ਪਰ ਅੰਦਰਲੇ ਵੈਰੀਆਂ ਕੋਲੋਂ ਸਦਾ ਡਰਦੇ ਰਹਿਣਾ ਚਾਹੀਦਾ ਹੈ। ਸਾਡਾ ਪਸ਼ੂ ਬਿਰਤੀ, ਕ੍ਰੋਧ ਆਦਿ ਕੋਲੋਂ ਡਰਨਾ ਦਰੁਸਤ ਹੈ। ਜਦੋਂ ਅਸੀ ਅੰਦਰਲੇ ਗ਼ਦਾਰਾਂ ਨੂੰ ਜਿਤ ਲਈਏ ਤਾਂ ਬਾਹਰਲੇ ਡਰ ਆਪਣੇ ਆਪ ਖ਼ਤਮ ਹੋ ਜਾਂਦੇ ਹਨ। ਸਾਰੇ ਇਹੋ ਜਿਹੇ ਭੈ ਸਰੀਰ ਦੇ ਦਵਾਲੇ ਚੱਕਰ ਲਾਂਦੇ ਹਨ। ਇਸ ਲਈ ਜਦੋਂ ਅਸੀਂ ਸਰੀਰ-ਮੋਹ ਨੂੰ ਤਿਆਗ ਦੇਵੀਏ, ਇਨ੍ਹਾਂ ਸਾਰਿਆਂ ਪਾਸੋਂ ਬ੍ਰੀਅਤ ਹੋ ਜਾਂਦੀ ਹੈ। ਇਉਂ ਸਾਨੂੰ ਪਤਾ ਲਗਦਾ ਹੈ ਕਿ ਬਾਹਰਲਾ ਭੈ ਸਾਡੇ ਆਪਣੇ ਖ਼ਿਆਲ ਦੀ ਹੀ ਬੇ ਬੁਨਿਆਦ ਤਾਣੀ ਹੈ। ਜਦੋਂ ਅਸੀ ਅਮੀਰੀ ਕਬੀਲੇ ਅਤੇ ਸ੍ਰੀਰਕ ਮੋਹ ਨੂੰ ਤਿਆਗ ਦਈਏ, ਡਰ ਦੀ ਸਾਡੇ ਦਿਲਾਂ ਵਿਚ ਕੋਈ ਥਾਂ ਨਹੀਂ ਰਹਿੰਦੀ। "ਸੰਸਾਰ ਦੀਆਂ ਵਸਤਾਂ ਦੀ ਮੌਜ ਤਿਆਗ ਕੇ ਮਾਣੋ" ਇਕ ਈਸ਼ੋਪਨਿਸ਼ਦ ਦੀ ਬੜੀ ਪਵਿੱਤਰ ਕਥਨੀ ਹੈ। ਅਮੀਰੀ ਕਬੀਲਾ ਅਤੇ ਸਰੀਰ ਸਾਰੇ ਉਸੇ ਤਰ੍ਹਾਂ ਰਹਿਣਗੇ, ਅਸੀਂ ਸਿਰਫ਼ ਅਪਣਾ ਉਨ੍ਹਾਂ ਨਾਲ ਵਤੀਰਾ ਬਦਲ ਲੈਣਾ ਹੈ। ਇਹ ਸਾਰੇ ਈਸ਼ਵਰ ਦੇ ਹਨ, ਸਾਡੇ ਨਹੀਂ। ਇਸ ਸੰਸਾਰ ਵਿਚ ਸਾਡਾ ਕੁਝ ਨਹੀਂ। ਅਸੀ ਆਪ ਵੀ ਉਸੇ ਦੇ ਹਾਂ। ਫਿਰ ਅਸੀਂ ਕਿਸੇ ਭੈ ਨੂੰ ਕਿਉਂ ਸੱਦਾ ਦੇਵੀਏ? ਇਸੇ ਲਈ ਉਪਨਿਸ਼ਦ ਸਾਨੂੰ ਆਗਿਆ ਕਰਦਾ ਹੈ 'ਵਸਤਾਂ ਨੂੰ ਮਾਣਦੇ ਹੋਏ ਵੀ ਉਨ੍ਹਾਂ ਨਾਲ ਮੋਹ ਨਾ ਰਖੀਏ' ਭਾਵ ਕਿ ਅਸੀਂ ਉਨ੍ਹਾਂ ਨਾਲ ਮਾਲਕਾਂ ਵਾਲਾ ਨਹੀਂ ਸਗੋਂ ਸਰਬ-ਰਾਹਾਂ ਵਾਲਾ ਮੋਹ ਕਰੀਏ। ਉਹ ਆਪ ਹੀ ਜਿਸ ਦੀ ਪਰਥਾਏਂ ਅਸੀ ਉਨ੍ਹਾਂ ਦੀ ਸੰਭਾਲਨਾ ਕਰਾਂਗੇ, ਸਾਨੂੰ ਡਾਕੂਆਂ (usurpets) ਪਾਸੋਂ ਉਨ੍ਹਾਂ ਦੀ ਰਾਖੀ ਲਈ ਲੋੜੀਂਦੇ ਹਥਿਆਰ ਤੇ ਸ਼ਕਤੀ ਬਖ਼ਸ਼ੇਗਾ। ਇਸ ਤਰ੍ਹਾਂ ਜਦੋਂ ਅਸੀ ਮਾਲਕ ਬਣਨੋਂ ਹਟ ਜਾਵਾਂਗੇ ਤੇ ਆਪਣੇ ਆਪ ਨੂੰ ਸੇਵਾਦਾਰਾਂ ਦੇ ਰੁਤਬੇ ਦੇ, ਆਪਣੇ ਪੈਰਾਂ ਹੇਠਲੀ ਚਰਨ ਧੂੜੀ ਨਾਲੋਂ ਵੀ ਵਧ ਨਿਰਮਾਣ, ਤਸੱਵਰ ਕਰ ਲਵਾਂਗੇ, ਸਾਡੇ ਸਾਰੇ ਡਰ ਧੁੰਦ ਵਾਂਗ ਉਡ ਜਾਣਗੇ। ਸਾਨੂੰ ਸਦੀਵੀ (Ineffable) ਸ਼ਾਂਤਿ ਪ੍ਰਾਪਤ ਹੋ ਜਾਵੇਗੀ ਤੇ ਅਸੀ ਸਤਿਯ ਨਾਰਾਇਣ ਦੇ ਪ੍ਰਤਖ ਦਰਸ਼ਨ ਕਰ ਲਵਾਂਗੇ।

੨੭