ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/33

ਇਹ ਸਫ਼ਾ ਪ੍ਰਮਾਣਿਤ ਹੈ

ਚੋਰੀ ਦੀ ਉਕਸਾਹਟ ਦਿੰਦੇ ਹਾਂ।

ਨਿਰੋਲ ਸਤਯ ਦੀ ਪਰਖ ਅਨੁਸਾਰ ਸਰੀਰ ਵੀ ਇਕ ਮਲਕੀਅਤ ਹੈ। ਇਹ ਸਚ ਆਖਿਆ ਗਿਆ ਹੈ ਕਿ ਮੌਜ ਮਾਣਨ ਦੀ ਖ਼ਾਹਿਸ਼ ਵਿਚੋਂ ਆਤਮਾ ਲਈ ਸਰੀਰ ਉਤਪੰਨ ਹੋਇਆ ਹੈ, ਜਦੋਂ ਇਹ ਖ਼ਾਹਿਸ਼ ਮਰ ਜਾਵੇ, ਸਰੀਰ ਦੀ ਕੋਈ ਲੋੜ ਨਹੀਂ ਰਹਿੰਦੀ ਤੇ ਮਨੁਖ ਜਨਮ ਦੇ ਦੁਖੀ ਗੇੜ ਤੋਂ ਆਜ਼ਾਦ ਹੋ ਜਾਂਦਾ ਹੈ। ਆਤਮਾ ਸਰਬ-ਵਿਆਪਕ ਹੈ, ਉਹ ਸਰੀਰ ਰੂਪੀ ਪਿੰਜਰੇ ਵਿੱਚ ਰਹਿਣ ਦੀ ਪ੍ਰਵਾਹ ਕਿਉਂ ਕਰੇ ਤੇ ਉਸ ਪੰਜਰੇ ਦੀ ਖ਼ਾਤਰ ਪਾਪ ਤਥਾ ਘਾਤ ਕਿਉਂ ਕਰੇ? ਇਸ ਪ੍ਰਕਾਰ ਅਸੀ ਪੂਰਨ-ਤਿਆਗ ਦੇ ਆਦਰਸ਼ ਉੱਤੇ ਅਪੜਦੇ ਹਾਂ ਅਤੇ ਆਪਣੇ ਸਰੀਰ ਨੂੰ ਅੰਤ ਤਕ ਸੇਵਾ ਲਈ ਵਰਤਣਾ ਸਿਖਦੇ ਹਾਂ। ਇਥੋਂ ਤਕ ਕਿ ਆਖ਼ਰ ਜ਼ਿੰਦਗੀ ਦਾ ਸਹਾਰਾ (Stalf ot life} 'ਰੋਟੀ' ਨਹੀਂ ਸਗੋਂ ਸੇਵਾ ਰਹਿ ਜਾਂਦਾ ਹੈ। ਫਿਰ ਅਸੀਂ ਕੇਵਲ ਸੇਵਾ ਦੀ ਖ਼ਾਤਰ ਹੀ ਖਾਂਦੇ ਪੀਂਦੇ ਤੇ ਸੌਂਦੇ ਜਾਗਦੇ ਹਾਂ। ਅਜਿਹਾ ਮਾਨਸਕ ਵਤੀਰਾ ਹੀ ਅਸਲੀ ਪ੍ਰਸੰਨਤਾ ਅਤੇ ਸਮੇਂ ਨਾਲ ਸਦੀਵੀ-ਆਨੰਦ ਦੀ ਝਲਕ ਬਖ਼ਸ਼ ਸਕਦਾ ਹੈ। ਆਉ ਅਸੀ ਸਾਰੇ, ਇਸ ਦ੍ਰਿਸਟੀਕੋਨ ਤੋਂ, ਆਪਣੀ ਪਰਖ ਕਰੀਏ।

ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਤਿਆਗ ਇਕ ਐਸਾ ਅਸੂਲ ਹੈ ਜੋ ਪਦਾਰਥ ਅਤੇ ਖ਼ਿਆਲ ਦੋਹਾਂ ਤੇ ਘਟਦਾ ਹੈ। ਜੋ ਕੋਈ ਆਪਣਾ ਦਿਮਾਗ਼ ਫ਼ਜ਼ੂਲ ਖ਼ਿਆਲਾਂ ਨਾਲ ਭਰਦਾ ਹੈ, ਇਸ ਅਮੁੱਲੇ ਅਸੂਲ ਦਾ ਉਲੰਘਣ ਕਰਦਾ ਹੈ। ਉਹ ਖ਼ਿਆਲ ਜੇ ਸਾਨੂੰ ਪ੍ਰਭੂ ਕੋਲੋਂ ਦੂਰ ਲਿਜਾਂਦੇ ਹਨ ਜਾਂ ਉਸ ਵਲ ਨਹੀਂ ਮੋੜਦੇ, ਸਾਡੇ ਰਸਤੇ ਵਿਚ ਰੋੜੇ ਹਨ। ਇਸ ਸੰਬੰਧ ਵਿਚ ਸਾਨੂੰ ਗੀਤਾ ਦੇ ਤੇਹਰਵੇਂ ਅਧਯਾਇ ਵਿਚ ਗਿਆਨ ਦੀ ਦਿੱਤੀ ਤਾਰੀਫ਼ ਨੂੰ ਵਿਚਾਰਨਾਂ ਚਾਹੀਏ। ਉੱਥੇ ਦਸਿਆ ਹੈ ਕਿ ਨਿਰਮਾਨਤਾ ਆਦਿ ਗਿਆਨ ਹੈ ਅਤੇ ਬਾਕੀ ਸਭ ਅਗਿਆਨਤਾ। ਜੇ ਕਰ ਇਹ ਦਰੁਸਤ ਹੈ - ਤੇ ਇਸ ਦੇ ਠੀਕ ਹੋਣ ਵਿਚ ਰਤਾ ਵੀ ਸ਼ੱਕ ਨਹੀਂ - ਤਾਂ ਉਸ ਦਾ ਬਹੁਤਾ ਹਿੱਸਾ, ਜਿਸ ਨੂੰ ਅਜ ਅਸੀ ਗਿਆਨ ਕਰ ਕੇ ਚਮੁਟਦੇ ਸਾਂ ਸਿੱਧਾ ਸਾਦਾ

੨੩