ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਤਿਆਗੋ ਛੁਪਣਗਾਹਾਂ ਦੋਸਤੋ ਛੱਡੋ ਗੁਫਾਵਾਂ ਨੂੰ।
ਚਲੋ ਹੁਣ ਫੈਲ ਜਾਈਏ ਧਰਤ ਉੱਤੇ ਚਹੁੰ ਦਿਸ਼ਾਵਾਂ ਨੂੰ।

ਤੁਸੀਂ ਖ਼ੁਦ ਵੀ ਚਿਰਾਗਾਂ ਨਾਲ ਰਿਸ਼ਤਾ ਦੂਰ ਦਾ ਰੱਖਿਐ,
ਬੁਝਣ ਤੇ ਦੋਸ਼ ਕਿਉਂ ਦਿੰਦੇ ਹੋ ਕਮਜ਼ਰਫ਼ੋ ਹਵਾਵਾਂ ਨੂੰ।

ਜਦੋਂ ਵਿਸ਼ਵਾਸ ਦੇ ਪਹਿਰੇ 'ਚ ਸ਼ਾਮਲ ਰੱਤ ਹੋ ਜਾਵੇ,
ਮੁਕੱਦਸ ਨਾਮ ਮਿਲ ਜਾਂਦੈ ਉਦੋਂ ਫਿਰ ਆਮ ਥਾਵਾਂ ਨੂੰ।

ਚਲੋ! ਹੁਣ ਧਰਤ ਦੇ ਸਿਰ, ਛਤਰੀਆਂ ਹਰਿਆਲੀਆਂ ਬਣੀਏ,
ਤੇ ਲਾਹੀਏ ਪੈਲੀਆਂ ਵਿਚ ਕਾਲੀਆਂ ਅਰਸ਼ੀ ਘਟਾਵਾਂ ਨੂੰ।

ਕਦੇ ਵੀ ਭਾਰ ਨਹੀਂ ਹੁੰਦੇ, ਬਿਰਖ ਦਸਤਾਰ ਹੁੰਦੇ ਨੇ,
ਸਿਰਾਂ ਤੇ ਕਹਿਰ ਵੇਲੇ ਤਾਣਦੇ ਨੇ ਸੀਤ ਛਾਵਾਂ ਨੂੰ।

ਜੇ ਨਿਰਮਲ ਨੀਰ ਨਾ ਖੇਤਾਂ ਦੇ ਮੁੰਹ ਲੱਗਾ ਤਾਂ ਫਿਰ ਤੱਕਿਓ,
ਕਦੇ ਵੀ ਬੂਰ ਨਹੀਂ ਪੈਣਾ ਕਦੇ ਫ਼ਸਲਾਂ ਤੇ ਚਾਵਾਂ ਨੂੰ।

ਤੁਸੀਂ ਤਾਂ ਮਾਣਦੇ ਹੋ ਸ਼ਹਿਰ ਅੰਦਰ ਮਹਿਕ ਫੁੱਲਾਂ ਦੀ,
ਤੇ ਕੀਹਦੇ ਆਸਰੇ ਤੇ ਛੱਡ ਆਏ ਹੋ ਗਿਰਾਂਵਾਂ ਨੂੰ।

ਮੋਰ ਪੰਖ /93