ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ
ਗਰਜ਼ ਬਿਨਾ ਨਾ ਭਰਦਾ ਕੋਈ ਹੁੰਗਾਰਾ ਹੈ।
ਸਾਡੇ ਪਿੰਡ ਤੋਂ ਤੇਰਾ ਸ਼ਹਿਰ ਨਿਆਰਾ ਹੈ।
ਪਲਕਾਂ ਪਿੱਛੇ ਡੱਕਿਆ ਜਿਵੇਂ ਸਮੁੰਦਰ ਸੀ,
ਤਾਂਹੀਓਂ ਹੰਝੂ ਮਣ ਮਣ ਨਾਲੋਂ ਭਾਰਾ ਹੈ।
ਅੰਬਰ ਕਾਲ-ਕਲੂਟਾ ਓਸੇ ਧੂੰਏਂ ਨਾਲ,
ਫ਼ੌਜਾਂ ਲੈ ਕੇ ਚੜ੍ਹਿਆ ਨੀਲਾ ਤਾਰਾ ਹੈ।
ਨਰਮ ਕਰੂੰਬਲ ਬਿਰਖ ਬਰੋਟਾ ਕਿੰਜ ਬਣਦੀ,
ਗਲੀ ਗਲੀ ਵਿਚ ਚੱਲਦਾ ਏਥੇ ਆਰਾ ਹੈ।
ਸ਼ਹਿਰ ਬੰਬਈਓਂ ਲੈ ਕੇ ਧੁਰ ਅਮਰੀਕਾ ਤੀਕ,
ਹਰ ਥਾਂ ਸਾਗਰ ਇੱਕੋ ਜਿੰਨਾ ਖਾਰਾ ਹੈ।
ਸਾਹਾਂ ਵਾਲੀ ਡੋਰ ਸਲਾਮਤ ਏਸੇ ਲਈ,
ਇਹ ਜੋ ਤੇਰਾ ਫ਼ੇਰ ਮਿਲਣ ਦਾ ਲਾਰਾ ਹੈ।
ਮੋਰ ਪੰਖ /82