ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ


ਝੰਬਿਆ 'ਨ੍ਹੇਰੀ ਨੇ ਮੈਨੂੰ ਇਹ ਗਿਲਾ ਕੇਈ ਨਹੀਂ।
ਕਿਉਂਕਿ ਇਹ ਸਭ ਜਾਣਦਾ ਤੇਰੇ ਸਿਵਾ ਕੋਈ ਨਹੀਂ।

ਸਭ ਜ਼ਬਾਨੀ-ਖ਼ਰਚ ਕਰਕੇ ਲੋਕ ਆਪਣੇ ਰਾਹ ਪਏ ,
ਜਾਣਦਾ ਹਾਂ ਵਰਦੀਆਂ ਵਿਚ, ਠਹਿਰਦਾ ਕੇਈ ਨਹੀਂ।

ਅਜਨਬੀ ਜਹੇ ਸ਼ਹਿਰ ਵਿਚ ਫਿਰਦਾਂ ਗੁਆਚਾ ਰਾਤ ਦਿਨ,
ਦਰਦ ਵਿੰਨ੍ਹੰ ਪੰਖਣੂ ਨੂੰ ਪੁੱਛਦਾ ਕੋਈ ਨਹੀਂ।

ਸੱਚ ਦੀ ਸੌਗਾਤ ਨੂੰ ਮੈਂ ਧਰਮ ਵਾਂਗੂੰ ਸਾਂਭਿਐ,
ਇਸ ਤਰ੍ਹਾਂ ਦੀ ਵਸਤ ਏਥੇ ਭਾਲਦਾ ਕੋਈ ਨਹੀਂ।

ਟਾਹਣੀਆਂ ਵਿਚਕਾਰ ਬਹਿ, ਪੰਛੀ ਹਮੇਸ਼ਾਂ ਸੋਚਦੈ ,
ਧੱਤਿਆਂ ਦੀ ਢਾਲ ਓਹਲੇ, ਹੁਣ ਬਲਾ ਕੋਈ ਨਹੀਂ।

ਮੱਥੇ ਤੇ ਕਾਲੇ ਦਾਗ ਦੀ ਤਸਵੀਰ ਹੈ,
ਸ਼ੀਸ਼ੇ ਨੂੰ ਜਿਹੜਾ ਆਖਦੈ ਕੋਈ ਨਹੀਂ।

ਮੈ ਜਦੋਂ ਵੀ ਆਪਣੇ ਪਰਛਾਵਿਆਂ ਵਿਚ ਉਲਝਿਆਂ,
ਉੱਠਿਆਂ ਖ਼ੁਦ ਨੂੰ ਇਹ ਕਹਿ ਕੇ, ਚੱਲ ਭਰਾ! ਕੋਈ ਨਹੀਂ ।

ਅਜਬ ਘੁੰਮਣ ਘੋਰ ਅੰਦਰ ਜਦ ਘਿਰਾਂ ਮੈ ਸਮਝ ਲਾਂ,
ਹੁਣ ਮਿਰਾ ਹਮਦਰਦ ਏਥੇ ਮੇਰੇ ਬਿਨ ਕੋਈ ਨਹੀਂ।


ਮੋਰ ਪੰਖ /65