ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗ਼ਜ਼ਲ
ਜਸਵਿੰਦਰ, ਪੁਨੀਤ ਤੇ ਰਵਨੀਤ ਲਈ
ਰਾਤ ਹਨ੍ਹੇਰੀ ਰੁੱਖਾਂ ਵਿਚ ਦੀ ਜਿਉਂ ਚੰਨ ਪਾਵੇ ਝਾਤ ਜਹੀ।
ਸ਼ੁਕਰ ਓਸਦਾ ਦਿੱਤੀ ਜਿਸਨੇ ਜ਼ਿੰਦਗੀ ਵੀ ਸੌਗਾਤ ਜਹੀ।
ਅੱਖੀਆਂ ਵਿਚੋਂ ਖ਼ੁਸ਼ੀਆਂ ਵਾਲੇ ਅੱਥਰੂ ਮੈਥੋਂ ਰੁਕਦੇ ਨਹੀਂ,
ਤਪਦੀ ਧਰਤੀ ਉੱਤੇ ਕਿਣਮਿਣ, ਜਿਉਂ ਦੀ ਬਰਸਾਤ ਜਹੀ।
ਤੂੰ ਮੇਰੇ ਸਾਹਾਂ ਵਿਚ ਰਮ ਜਾ, ਫੁੱਲ ਪੱਤੀਆਂ ਵਿਚ ਮਹਿਕ ਜਿਵੇਂ,
ਨਾਲੋਂ ਨਾਲ ਰਹੀਂ ਤੂੰ ਮੇਰੇ, ਬਣ ਸੁੱਚੇ ਜਜ਼ਬਾਤ ਜਹੀ।
ਨੇਰ੍ਹੇ ਤੇ ਚਾਨਣ ਵਿਚ ਦੱਸੋ, ਕਰਾਂ,ਨਿਖੇੜਾ ਕਿੱਸਰਾਂ ਮੈਂ,
ਮੇਰੇ ਹਿੱਸੇ ਆਈ ਜ਼ਿੰਦਗੀ, ਪੂਰੇ ਚੰਨ ਦੀ ਰਾਤ ਜਹੀ।
ਦੂਰ ਕਿਸੇ ਘਰ ਜੰਮੀ ਜਾਈ, ਜਦ ਤੋਂ ਸਾਡੇ ਘਰ ਆਈ,
ਸਾਡੇ ਘਰ ਦੇ ਅੰਦਰ ਹਰ ਪਲ ਰਹਿੰਦੀ ਹੈ ਪ੍ਰਭਾਤ ਜਹੀ।
ਤੇਰੇ ਨਾਲ ਸ਼ਿਕਾਇਤ, ਸ਼ਿਕਵਾ, ਕਰਾਂ ਕਿਉਂ ਮੈਂ ਜਿੰਦੜੀਏ,
ਹਰ ਇਕ ਨੂੰ ਖ਼ੈਰਾਤ ਹੈ ਮਿਲਦੀ ਓਸੇ ਦੀ ਔਕਾਤ ਜਹੀ।
ਕਿੰਨੀ ਵਾਰੀ ਆਖਿਐ ਇਸ ਨੂੰ, ਹੁਣ ਤਾਂ ਮੇਰੇ ਮਗਰੋਂ ਲਹੁ,
ਮੇਰਾ ਪਿੱਛਾ ਛੱਡਦੀ ਹੀ ਨਾ, ਖ਼ੁਦਗਰਜ਼ੀ ਕਮਜ਼ਾਤ ਸਹੀ।
ਮੋਰ ਪੰਖ / 59