ਗ਼ਜ਼ਲ
ਮੈਂ ਸੁਲਝਾਉਂਦਾ ਉਲਝ ਗਿਆ ਹਾਂ, ਤੰਦਾਂ ਉਲਝੀ ਤਾਣੀ ਅੰਦਰ।
ਇੱਕ ਵੀ ਤੰਦ ਸਬੂਤੀ ਹੈ ਨਹੀਂ, ਉਲਝੀ ਰਾਮ ਕਹਾਣੀ ਅੰਦਰ।
ਸਦੀਆਂ ਮਗਰੋਂ ਬਦਲੀ ਨਹੀਂ ਤਕਦੀਰ ਸਮੇਂ ਦੀ ਏਸੇ ਕਰਕੇ,
ਓਹੀ ਰਾਣੀ ਓਹੀ ਰਾਜਾ, ਫਿਰਦੈ ਰਾਮ ਕਹਾਣੀ ਅੰਦਰ।
ਕਿੰਨੇ ਦਰਦ ਪੁਰਾਣੇ ਘੁਲ ਕੇ ਅੱਥਰੂਆਂ ਦੀ ਜੂਨ ਪਏ ਨੇ,
ਹਾਉਕੇ ਭਰਦੇ ਖ਼ਾਲੀ ਥਾਵਾਂ, ਲੰਘਕੇ ਸਾਹਾਂ ਥਾਈਂ ਅੰਦਰ।
ਕਾਮ ਕ੍ਰੋਧ ਲੋਭ ਤੇ ਮਾਇਆ, ਡੰਗਦਾ ਹੈ ਹੰਕਾਰ ਦਾ ਕੀੜਾ,
ਭਾਵੇਂ ਦੱਸਿਆ ਮਾਰਨ ਦਾ ਢੰਗ, ਗੁਰੂਆਂ ਨੇ ਗੁਰਬਾਣੀ ਅੰਦਰ।
ਵੱਸਦੀ ਧਰਤੀ ਜੰਤ ਪਰਿੰਦੇ, ਬੜੇ ਭੁਲੇਖੇ ਅੰਦਰ ਉੱਡਦੇ,
ਇਸ ਤੋਂ ਕਿਤੇ ਵਚਿੱਤਰ ਦੁਨੀਆਂ, ਵੱਸਦੀ ਹੇਠਾਂ ਪਾਣੀ ਅੰਦਰ।
ਜ਼ਿੰਦਗੀ ਕੋਹਲੂ ਨਾਲੋਂ ਜਾਬਰ, ਸਾਰਾ ਖੂਨ ਨਿਚੋੜ ਲਿਆ ਏ,
ਚੂਰਾ ਚੂਰਾ ਰੀਝਾਂ ਸੁਪਨੇ, ਪਿੱਛੇ ਰਹਿ ਗਏ ਘਾਣੀ ਅੰਦਰ।
ਮੇਰੇ ਨਾਲ ਬਰਾਬਰ ਮੇਰੀਆਂ ਅੱਖਾਂ ਬੁੱਢੀਆਂ ਹੋ ਰਹੀਆਂ ਨੇ,
ਏਸੇ ਕਰਕੇ ਦਿਸਦਾ ਨਾ ਉਹ, ਜੋ ਹਾਣੀ ਨੂੰ ਹਾਣੀ ਅੰਦਰ।
ਪੱਤੇ ਵੇਖ ਵਜਾਵਣ ਤਾਲੀ, ਨੱਚੀ ਜਾਵੇ ਨਾਚ ਨਚੱਈਆ,
ਪੌਣਾਂ ਛੇੜਨ ਰਾਗ ਇਲਾਹੀ, ਸੁੱਤਾ ਹੈ ਜੋ ਟਾਣ੍ਹੀ ਅੰਦਰ।
ਰੂਹ ਦੀ ਚੁੱਪ ਨੂੰ ਸੁਣਨਾ ਹੈ ਤਾਂ ਅੰਤਰ ਧਿਆਨ ਲਗਾ ਕੇ ਬੈਠੀਂ,
ਅਨਹਦ ਨਾਦ ਕਦੇ ਨਹੀਂ ਸੁਣਦਾ, ਬਹਿ ਕੇ ਮਿੱਤਰਾਂ ਢਾਣੀ ਅੰਦਰ
ਮੋਰ ਪੰਖ /102