ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/52

ਇਹ ਸਫ਼ਾ ਪ੍ਰਮਾਣਿਤ ਹੈ

ਦੋ ਬਿੱਲੀਆਂ

ਬਿੱਲੂ ਬਾਂਦਰ ਭੌਂਦਾ ਕਿਤਿਉਂ,
ਰੋਟੀ ਚੁੱਕ ਲਿਆਇਆ।
ਪਾਣੀ ਕੰਢੇ ਛਾਵੇਂ ਬਹਿਕੇ,
ਖਾਣ ਦਾ ਮਨ ਬਣਾਇਆ।

ਰਾਣੋ-ਮਾਣੋ ਦੋ ਬਿੱਲੀਆਂ,
ਅੱਗੇ ਆਣ ਖਲੋਈਆਂ।
ਖੋਹ ਲਈ ਰੋਟੀ ਝਪਟ ਮਾਰ ਕੇ,
ਲੈ ਕੇ ਤਿੱਤਰ ਹੋਈਆਂ।

ਬਾਂਦਰ ਕੱਲਾ ਦੋ ਬਿੱਲੀਆਂ,
ਪੇਸ਼ ਗਈ ਨਾ ਕੋਈ।
ਤਲੀਆਂ ਮਲਦਾ ਬਾਂਦਰ ਰਹਿ ਗਿਆ,
ਜਾਗੀ ਕਿਸਮਤ ਸੋਈ।

ਸੋਚੇ ਕੱਲ੍ਹ ਮੈਂ ਫੈਸਲਾ ਕੀਤਾ,
ਜਦ ਸੀ ਰੋਟੀ ਖੋਹੀ।
ਮਿਲ-ਜੁਲ ਕੇ ਦੋਵੇਂ ਭੈਣਾਂ,
ਲੈ ਲਿਆ ਬਦਲਾ ਓਹੀ।

ਚਾਰ ਕੁ ਘੰਟੇ ਮਾਰ ਟਪੂਸੀਆਂ,
ਜਾ ਝਾੜੀ ਵਿੱਚ ਸੁੱਤਾ।
ਹੁਣ ਬੈਠਾ ਪਿੰਡੇ ਨੂੰ ਖੁਰਕੇ,
ਲੜ ਗਿਆ ਭੱਬੂ ਕੁੱਤਾ।

50/ ਮੋਘੇ ਵਿਚਲੀ ਚਿੜੀ