ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/43

ਇਹ ਸਫ਼ਾ ਪ੍ਰਮਾਣਿਤ ਹੈ

ਦਮੋਦਰ

ਸੱਚਮੁੱਚ ਹੀਰ ਦਾ ਪਹਿਲਾ ਸਿਰਜਣਹਾਰ ਦਮੋਦਰ ਹੈ।
ਪੰਜਾਬੀ ਦਾ ਪਹਿਲਾ ਕਿੱਸਾਕਾਰ ਦਮੋਦਰ ਹੈ।

ਮੁੱਖ ਰੂਪ ਤੇ ਇਹਦੀ ਹੀਰ ਤਾਂ ਵਾਰਿਸ ਵਰਗੀ ਏ।
ਸੁਖੀ ਕਹਾਣੀ ਉਂਜ ਵੀ ਹੈਗੀ ਪਾਰਸ ਵਰਗੀ ਏ।
ਲੰਬੀ ਕਹਾਣੀ ਵਾਰਿਸ ਤੇ ਛੁਟਸਾਰ ਦਮੋਦਰ ਹੈ।
ਪੰਜਾਬੀ ਦਾ.....................

ਦੱਸੇ ਵਾਰਿਸ ਮਲਕੀ ਹੀਰ ਦੀ ਮਾਂ ਨੂੰ ਇਹ ਕੁੰਦੀ।
ਰਾਮੂ ਬਾਹਮਣ ਦੇ ਨਾਲ ਸਹਿਤੀ ਫਿਰਦੀ ਸੀ ਹੁੰਦੀ।
ਅਕਬਰ ਵੇਲੇ ਦਾ ਪੰਜਾਬੀ ਯਾਰ ਦਮੋਦਰ ਹੈ।
ਪੰਜਾਬੀ ਦਾ.....................

ਲਹਿੰਦੀ ਬੋਲੀ ਛੰਦ ਦਵਈਆ ਝੰਗ ਸਿਆਲੀ ਹੈ।
ਹੀਰ ਰਾਂਝੇ ਦੀ ਅੱਖੀਂ ਦੇਖੀ ਆਂਖ ਮਿਚੌਲੀ ਹੈ।
ਜਾਤ ਗੁਲਾਟੀ ਅਰੋੜਾ ਦਿਲਦਾਰ ਦਮੋਦਰ ਹੈ।
ਪੰਜਾਬੀ ਦਾ.....................

ਮਾਤ-ਪਿਤਾ ਸੁਤ ਜਨਮ ਮਰਨ ਦਾ ਪਤਾ ਟਿਕਾਣਾ ਨਹੀਂ।
ਘੱਟ ਪੜ੍ਹਾਈ ਹਿਸਾਬ-ਕਿਤਾਬੋਂ ਵਧਕੇ ਸਿਆਣਾ ਨਹੀਂ।
ਚਮਤਕਾਰੀ ਦੀ ਥੋਹੜੀ ਬਾਹਲੀ ਮਾਰ ਦਮੋਦਰ ਹੈ।
ਪੰਜਾਬੀ ਦਾ.......................

41/ ਮੋਘੇ ਵਿਚਲੀ ਚਿੜੀ