ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/35

ਇਹ ਸਫ਼ਾ ਪ੍ਰਮਾਣਿਤ ਹੈ

ਚੰਗੇ ਬੋਲ ਜੇ ਬੋਲਾਂਗੇ

ਉੱਤਮ ਕਥਨਾਂ ਵਾਲੀ ਪੀਡੀ ਗੰਢ ਜੇ ਖੋਲ੍ਹਾਂਗੇ।
ਚੰਗੇ ਬੱਚੇ ਬਣਾਂਗੇ ਚੰਗੇ ਬੋਲ ਜੇ ਬੋਲਾਂਗੇ।

ਹੌਲੀ ਬੋਲਣਾ ਘੱਟ ਬੋਲਣਾ ਆਦਤ ਚੰਗੀ ਹੈ।
ਚੰਗੇ ਬੱਚਿਆਂ ਦਾਤ ਰੱਬ ਤੋਂ ਇਹੀ ਮੰਗੀ ਹੈ।
ਮਿੱਠੀ ਹੋਵੇ ਜ਼ੁਬਾਨ ਤਾਂ ਸਿਦਕੋਂ ਵੀ ਨਾ ਡੋਲਾਂਗੇ।
ਚੰਗੇ ਬੱਚੇ ...................

ਤਾਹਨੇ ਮਿਹਣੇ ਗਾਲ ਤਿਆਗੋ ਝਗੜੇ-ਝੇੜਿਆਂ ਨੂੰ।
ਬੋਲ ਕੇ ਮਿੱਠੇ ਬੋਲ ਖਾਓਗੇ ਮੱਖਣ-ਪੇੜਿਆਂ ਨੂੰ।
ਬੋਲਣ ਤੋਂ ਹੈ ਬੇਹਤਰ ਜੇ ਗੱਲ ਪਹਿਲਾਂ ਤੋਲਾਂਗੇ।
ਚੰਗੇ ਬੱਚੇ .....................

ਚੰਗੇ ਬੋਲਾਂ ਵਾਲਿਆਂ ਨੂੰ ਹਰ ਕੋਈ ਚਾਹੁੰਦਾ ਏ।
ਮਿੱਠਾ ਬੋਲ ਹੀ ਸਭ ਕੋਲੋਂ ਸ਼ਾਬਾਸ਼ੇ ਪਾਉਂਦਾ ਏ।
ਪ੍ਰਣ ਕਰੋ ਕਿ ਹਰ ਇਕ ਬੋਲ 'ਚ ਮਿਸ਼ਰੀ ਘੋਲਾਂਗੇ।
ਚੰਗੇ ਬੱਚੇ.........................।

33/ ਮੋਘੇ ਵਿਚਲੀ ਚਿੜੀ