ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/31

ਇਹ ਸਫ਼ਾ ਪ੍ਰਮਾਣਿਤ ਹੈ

ਮੰਮੀ ਡੈਡੀ ਨਾ ਲੜੋ

ਮੰਮੀ ਡੈਡੀ ਨਾ ਲੜੋ ਸਾਨੂੰ ਪੜ੍ਹ ਲੈਣ ਦੋ।
ਕੰਮ ਹੈ ਸਕੂਲ ਦਾ ਜੋ ਸਾਰਾ ਕਰ ਲੈਣ ਦੋ।

ਜਦੋਂ ਤੁਸੀਂ ਲੜਦੇ ਓ ਖਿਆਲ ਸਾਡਾ ਚੁੱਕਦਾ।
ਨਿਸ਼ਾਨੇ ਤੋਂ ਤੀਰ ਸਾਡੀ ਅਕਲ ਦਾ ਉੱਕਦਾ।
ਗੱਲ ਕੋਈ ਦਿਮਾਗ ਵਿੱਚ ਸਾਡੇ ਵੜ ਲੈਣ ਦੋ।
ਮੰਮੀ ਡੈਡੀ...................

ਰੋਜ਼ ਦੀ ਲੜਾਈ ਘਰ ਚੰਗੀ ਨਹੀਓਂ ਲਗਦੀ।
ਸਾੜ ਦਿੰਦੀ ਸਭ ਕੁੱਝ ਲਪਟ ਹੈ ਅੱਗ ਦੀ।
ਜੰਗ ਅਗਿਆਨਤਾ ਦੀ ਸਾਨੂੰ ਲੜ ਲੈਣ ਦੋ।
ਮੰਮੀ ਡੈਡੀ...................

ਝਗੜਾ ਕੋਈ ਜੇ ਕੱਲੇ ਬਹਿ ਸੁਲਝਾ ਲਵੋ।
ਹੁੰਦਾ ਨਹੀਂ ਜੇ ਹੱਲ ਫਿਰ ਸਾਨੂੰ ਵਿੱਚ ਪਾ ਲਵੋ।
ਪੌੜੀ ਜੋ ਸਫਲਤਾ ਦੀ ਡੰਡਾ ਫੜ ਲੈਣ ਦੋ।
ਮੰਮੀ ਡੈਡੀ...................

ਝਗੜੇ ਸਾਰੇ ਹੀ ਮੁੱਕ ਜਾਂਦੇ ਨਾਲ ਪਿਆਰ ਦੇ।
ਰੱਖਿਆ ਕੀ ਦੱਸੋ ਏਥੇ ਵਿੱਚ ਤਕਰਾਰ ਦੇ।
ਸਫਲ ਲੋਕਾਂ ਦੇ ਵਿੱਚ ਸਾਨੂੰ ਖੜ੍ਹ ਲੈਣ ਦੋ।
ਮੰਮੀ ਡੈਡੀ..................

29/ ਮੋਘੇ ਵਿਚਲੀ ਚਿੜੀ