ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਖਲੀਊਧਵ ਨੇ ਇਸ ਬੇਤੱਕਲਫੀ ਦੀ ਗੱਲ ਦਾ ਕੁਝ ਖਫ਼ਗੀ ਤੇ ਕੁਝ ਸਖ਼ਤੀ ਨਾਲ ਜਵਾਬ ਦਿੱਤਾ, "ਮੈਂ ਫਾਹੀ ਵਿੱਚੋਂ ਨਿਕਲਣ ਦੀ ਕਦੀ ਕੋਸ਼ਸ਼ ਹੀ ਨਹੀਂ ਕੀਤੀ ।"

"ਠੀਕ ਇਹੋ ਹੀ ਤਾਂ ਮੁਲਕ ਦੀ ਸੇਵਾ ਕਰਨ ਦਾ ਭਾਵ ਹੈ ਜਿਹਨੂੰ ਮੈਂ ਭਾਵ ਕਹਿਨਾ ਹਾਂ, ਪਰ ਜਰਾ ਉਡੀਕੋ, ਜਦ ਤਕ ਆਪ ਨੂੰ ਭੁੱਖ ਲੱਗ ਆਉਂਦੀ ਹੈ ਤੇ ਇੱਥੇ ਹੀ ਬੈਠੇ ਬੈਠੇ ਨੀਂਦਰ ਆ ਜਾਂਦੀ ਹੈ, ਤਦ ਤੁਸੀਂ ਹੋਰ ਹੀ ਰਾਗ ਛੱਡੋਗੇ ।"

"ਇਹ ਪਾਦਰੀ ਦਾ ਬੱਚਾ ਮੈਨੂੰ ਫਿਰ ਵੀ "ਤੂੰ" "ਤੂੰ" "ਤੁਮ" "ਤੁਮ" ਕਰਕੇ ਸੱਦੇਗਾ", ਇਉਂ ਸੋਚ ਕੇ ਨਿਖਲੀਊਧਵ ਆਪਣੇ ਚਿਹਰੇ ਤੇ ਗੁੱਸੇ ਜੇਹੀ ਦੀ ਭਾਹ ਮਾਰਦਾ ਅੱਗੇ ਚਲਾ ਗਇਆ । ਇਉਂ ਜਾਪਦਾ ਸੀ ਕਿ ਉਹ ਇੰਨਾ ਭੈੜਾ ਪਇਆ ਹੈ ਜਿਵੇਂ ਓਹਦੇ ਸਾਰੇ ਰਿਸ਼ਤੇਦਾਰਾਂ ਦੇ ਮਰ ਜਾਣ ਦੀ ਖ਼ਬਰ ਆਈ ਹੈ ।

ਅੱਗੇ ਜਾ ਕੇ ਕੀ ਵੇਖਦਾ ਹੈ ਕਿ ਇਕ ਆਦਮੀਆਂ ਦਾ ਹਜੂਮ ਖੜਾ ਸੀ, ਤੇ ਇਹ ਹਜੂਮ ਬੜੀ ਗਹੁ ਨਾਲ, ਇਕ ਸਾਫ਼ ਮੁੰਨੇ ਮੁੰਨੇ, ਲੰਮੇ ਤੇ ਰੋਹਬ ਵਾਲੇ ਨੌਜਵਾਨ ਆਦਮੀ ਦੇ ਅੱਗੇ ਪਿੱਛੇ ਖੜੇ ਓਹਦੀ ਜੋਸ਼ੀਲੀ ਗੱਲ ਬਾਤ ਨੂੰ ਸੁਣ ਰਹਿਆ ਸੀ । ਉਹ ਦੀਵਾਨੀ ਅਦਾਲਤ ਵਿੱਚ ਇਕ ਚਲਦੇ ਮੁਕੱਦਮੇ ਦੀ ਬਾਬਤ ਬੜੀ ਸਿਫਤ ਨਾਲ ਹਾਲ ਸੁਣਾ ਰਹਿਆ ਸੀ । ਜੱਜ ਦਾ ਨਾ, ਵਕੀਲਾਂ ਦੇ ਨਾਂ, ਸਾਰੇ ਵਾਕਿਆਤ ਇਉਂ ਦੱਸ ਰਹਿਆ ਸੀ ਜਿਵੇਂ ਮੁਕੱਦਮਾ ਓਹਦਾ ਆਪਣਾ ਸੀ। ਓਹ ਕਹਿ ਰਹਿਆ ਸੀ ਕਿ ਫਲਾਣੇ ਵਕੀਲ ਦੀ ਲਿਆਕਤ ਬਸ ਕਮਾਲ ਹੈ, ਓਸ ਵਕੀਲ ਨੇ ਅਸਲ ਮਾਮਲੇ ਨੂੰ ਇਹੋ ਜਿਹਾ ਚੱਕਰ ਦਿੱਤਾ ਕਿ ਲੈਣੇ ਦੇ੫੬