ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਅਦਬ ਇੱਜ਼ਤ ਨ ਦੇਵੇ ਓਸ ਨਾਲ ਰੰਜਸ਼ ਕਰਦਾ ਸੀ ।

ਜੂਰੀ ਦੇ ਕਮਰੇ ਵਿੱਚ ਜੋ ਕੋਈ ਵੀ ਬੇ ਅਦਬ ਤਰ੍ਹਾਂ ਵਰਤੋਂ ਕਰੇ, ਓਹਨੂੰ ਸਖਤ ਚੋਟ ਵੱਜਦੀ ਸੀ । ਇਤਫਾਕ ਨਾਲ ਜੂਰੀ ਵਿੱਚ ਇਕ ਆਦਮੀ ਸੀ ਜਿਹੜਾ ਓਹਦੀ ਭੈਣ ਦੇ ਬੱਚਿਆਂ ਦਾ ਪਹਿਲਾ ਉਸਤਾਦ ਸੀ, ਪੀਟਰ ਜਿਰਾਸੀਮੋਵਿਚ। ਨਿਖਲੀਊਧਵ ਨੂੰ ਇਸ ਉਸਤਾਦ ਦਾ ਸਿਰਨਾਵਾਂ ਆਉਂਦਾ ਹੀ ਨਹੀਂ ਸੀ ਤੇ ਓਹ ਮਾਨ ਕਰਦਾ ਹੁੰਦਾ ਸੀ ਕਿ ਓਹ ਇੰਨਾ ਉਚੇਰਾ ਬੰਦਾ ਹੈ ਕਿ ਇਹੋ ਜੇਹੇ ਨੀਵੇਂ, ਇਸ ਪੁਰਾਣੇ ਆਪਣੀ ਭੈਣ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਦਾ ਨਾਮ ਹੀ ਓਹਨੂੰ ਚੇਤੇ ਨਹੀਂ ਸੀ । ਇਹ ਆਦਮੀ ਹੁਣ ਪਬਲਿਕ ਸਕੂਲ ਦਾ ਮਾਸਟਰ ਸੀ । ਨਿਖਲੀਊਧਵ ਓਹਦੀ ਇਕ ਮਿਕ ਹੋ ਕੇ ਬਹਿਣ ਤੇ ਆਪੇ ਨੂੰ ਕੁਛ ਸਮਝ ਕੇ ਓਹਦੇ ਆਪ ਮੁਹਾਰੇ ਹੱਸਣ ਦੀਆਂ ਆਦਤਾਂ ਨੂੰ ਤੇ ਬੇਤਕੱਲਫੀ ਦੀਆਂ ਗੱਲਾਂ ਕਰਨ ਦੀ ਖੋ ਨੂੰ ਬਰਦਾਸ਼ਤ ਨਹੀਂ ਸੀ ਕਰ ਸੱਕਦਾ । ਮੁਕਦੀ ਗੱਲ ਨਿਖਲੀਊਧਵ ਆਪਣੇ ਰਈਸੀ ਮਦ ਵਿੱਚ ਕਿਸੀ ਤਰ੍ਹਾਂ ਦਾ ਗੰਵਾਰਪਨ ਬਰਦਾਸ਼ਤ ਨਹੀਂ ਸੀ ਕਰ ਸੱਕਦਾ ।

"ਆਹਾ ! ਆਹਾ ! ਤੂੰ ਵੀ ਕੁੜੱਕੀ ਵਿੱਚ ਆ ਫਾਥਿਓ," ਇਹ ਲਫਜ਼ ਸਨ ਜਿਨ੍ਹਾਂ ਨਾਲ ਮਾਸਟਰ ਨੇ ਖਿੜ ਖਿੜਾ ਕੇ ਹੱਸ ਕੇ ਨਿਖਲੀਊਧਵ ਨਾਲ ਗੱਲ ਕਰਨੀ ਸ਼ੁਰੂ ਕੀਤੀ, "ਹੁਣ ਹਜੂਰ ਫਾਥੇ ਹੋਏ ਇਸ ਫਾਹੀ ਵਿਚੋਂ ਆਪਣੀ ਕਮਰ ਖਿਸਕਾ ਨਹੀਂ ਸੱਕਦੇ ।"੫੫