ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਸ਼ਾਦੀ ਕਰੇਗਾ। ਇਹ ਕੁਝ ਸੋਚ ਕੇ ਇਸ ਠੰਡਾ ਸਾਹ ਲਇਆ ਆਪਣੀ ਸਿਗਰਟ ਦਾ ਰਹਿੰਦਾ ਹਿੱਸਾ ਸੁੱਟ ਪਾਇਆ ਤੇ ਚਾਂਦੀ ਦੀ ਡੱਬ ਹੱਥ ਵਿਚ ਲੈ ਕੇ ਦਿਲ ਕੀਤਾ ਇਕ ਹੋਰ ਕੱਢ ਕੇ ਪੀਵੇ, ਪਰ ਫਿਰ ਇਰਾਦਾ ਬਦਲ ਦਿੱਤਾ ਤੇ ਆਪਣੀਆਂ ਲੰਮੀਆਂ ਗੋਰੀਆਂ ਜੰਘਾਂ ਬਿਸਤਰੇ ਥੀਂ ਬਾਹਰ ਕੱਢ, ਪਲੰਘ ਦੇ ਹੇਠਾਂ ਲਮਕਾ ਕੇ ਸਲੀਪਰਾਂ ਵਿਚ ਪੈਰ ਰੱਖੇ ਤੇ ਭਾਰੇ ਆਲਸੀ ਜੇਹੇ ਕਦਮਾਂ ਨਾਲ ਛੇਤੀ ਛੇਤੀ ਆਪਣੇ ਕਪੜੇ ਪਾਣ ਵਾਲੇ ਕਮਰੇ ਵੱਲ ਚਲਾ ਗਇਆ। ਇਸ ਕਮਰੇ ਵਿੱਚ ਇਕ ਮੇਜ ਤੇ ਔਡੀਕੋਲੋਨ ਤੇ ਮੁੱਛਾਂ ਨੂੰ ਤਾਅ ਦੇਣ ਦੀਆਂ ਫਿਕਸੋ ਆਦਿ ਖੁਸ਼ਬੂਆਂ ਅਤੇ ਤੇਲਾਂ ਦਾ ਝੁਰਮਟ ਪਇਆ ਸੀ। ਓਥੇ ਜਾਂਦੇ ਓਸ ਪਹਿਲਾਂ ਤਾਂ ਆਪਣੇ ਦੰਦ ਅੱਛੀ ਤਰਾਂ ਸਾਫ ਕੀਤੇ। ਇਹਦੇ ਕਈ ਇਕ ਦੰਦ ਭਾਵੇਂ ਓਹ ਦੰਦਾਂ ਦਾ ਮੰਜਨ ਬਰਾਬਰ ਇਸਤੇਮਾਲ ਕਰਦਾ ਸੀ ਭਰਾਏ ਹੋਏ ਸਨ। ਮੰਜਨ ਕਰਕੇ ਫਿਰ ਓਸ ਖੁਸ਼ਬੂਦਾਰ ਅਰਕ ਨਾਲ ਆਪਣੇ ਮੂੰਹ ਨੂੰ ਅੰਦਰੋਂ ਚੰਗੀ ਤਰਾਂ ਗਰਾਰੇ ਕਰਕੇ ਧੋਤਾ, ਓਹਦੇ ਮਗਰੋਂ ਫਿਰ ਖੁਸ਼ਬੂਦਾਰ ਸਾਬਣ ਨਾਲ ਆਪਣੇ ਹੱਥ ਧੋਤੇ, ਤੇ ਮੁੜ ਆਪਣੇ ਲੰਮੇ ਨੌਹਾ ਨੂੰ ਬੜੀ ਗਹੁ ਨਾਲ ਓਸ ਚੰਗੀ ਤਰਾਂ ਸਾਫ ਕੀਤਾ। ਮੁੜ ਸੰਗਮਰਮਰ ਦੀ ਚਿਲਮਚੀ ਵਿੱਚ ਪਏ ਪਾਣੀ ਨਾਲ ਆਪਣੀ ਮੋਟੀ ਗਰਦਨ ਨੂੰ ਮਲ ਮਲ ਕੇ ਤੇ ਆਪਣੇ ਚਿਹਰੇ ਨੂੰ ਭਲੀ ਪ੍ਰਕਾਰ ਧੋਤਾ। ਫਿਰ ਤੀਸਰੇ ਕਮਰੇ ਵਿੱਚ ਗਇਆ ਜਿੱਥੇ ਸ਼ਾਵਰ ਬਾਥ ਤਿਆਰ ਸੀ, ਓਥੇ ਖੂਬ ਨਹਾਤਾ। ਇਉਂ ਉਸ ਆਪਣਾ ਚਰਬੀਲਾ ਚਿੱਟਾ, ਤਕੜਾ ਜੁੱਸਾ ਤਰੋਤਾਜ਼ਾ ਕਰਕੇ ਇਕ ਖਹੁਰੇ ਤੌਲੀਏ ਨਾਲ ਖੂਬ ਰਗੜਿਆ, ਤੇ ਤਲੇ ਦੇ ਕੱਪੜੇ ਤੇ ਬੂਟ ਪਾਣੇ ਸ਼ੁਰੂ ਕੀਤੇ। ਫਿਰ ਸ਼ੀਸ਼ੇ ਅੱਗੇ ਬਹਿ

੨੯