ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੩

ਇੱਧਰ ਤਾਂ ਮਸਲੋਵਾ ਦੋ ਸਿਪਾਹੀਆਂ ਦੀ ਗਾਰਦ ਦੇ ਪਹਿਰੇ ਵਿੱਚ ਕਚਹਿਰੀ ਪਹੁੰਚ ਚੁਕੀ ਸੀ। ਜ਼ਾਲਮ ਓਹਨੂੰ ਕਾਫ਼ੀ ਦੁਰਾਡੇ ਪੰਧ ਪੈਦਲ ਟੁਰਾ ਕੇ ਲੈ ਗਏ ਸਨ, ਚਲਣ ਦੀ ਵਾਦੀ ਨਾ ਹੋਣ ਕਰਕੇ ਮਸਲੋਵਾ ਬਹੁਤ ਥੱਕ ਗਈ ਸੀ। ਉਧਰ ਸ਼ਾਹਜ਼ਾਦਾ ਦਮਿਤ੍ਰੀ ਆਈਵਿਨਇਚ ਨਿਖਲੀ ਊਧਵ ਜਿਸ ਓਹਨੂੰ ਖਰਾਬ ਤੇ ਬਰਬਾਦ ਕੀਤਾ ਸੀ, ਹਾਲੇ ਤਕ ਆਪਣੇ ਉੱਚੇ ਗੱਦੇ ਵਾਲੇ ਬਿਸਤਰੇ ਤੇ ਪਲਸੇਟੇ ਮਾਰ ਰਹਿਆ ਸੀ, ਗਦੇਲਿਆਂ ਉੱਪਰ ਇਕ ਫੰਗਾਂ ਨਾਲ ਭਰੀ ਨਰਮ ਤੁਲਾਈ ਸੀ, ਇਕ ਨਿਹਾਇਤ ਨਫੀਸ, ਸਾਫ, ਭਲੀ ਪ੍ਰਕਾਰ ਇਸਤ੍ਰੀ ਕੀਤੀ ਹੋਈ ਚਿੱਟੀ ਰਾਤ ਦੇ ਸੌਣ ਵਾਲੀ ਕਮੀਜ਼ ਉਹਦੇ ਗਲੇ ਸੀ ਤੇ ਸਿਗਰਟ ਪੀ ਰਹਿਆ ਸੀ ਤੇ ਨਾਲੇ ਸੋਚ ਰਹਿਆ ਸੀ ਕਿ ਅੱਜ ਦਿਹਾੜੀ ਓਸ ਕੀ ਕੀ ਕੰਮ ਕਰਨੇ ਹਨ। ਓਹਦੇ ਮਨ ਵਿਚ ਕਲ ਜੋ ਜੋ ਕੰਮ ਕੀਤੇ ਸਨ ਓਹਨਾਂ ਦਾ ਵੇਰਵਾ ਵੀ ਆਪ ਮੁਹਾਰੇ ਗੇੜੇ ਲਾ ਰਹਿਆ ਸੀ।

ਕਲ ਸ਼ਾਮਾਂ ਦੀਆਂ ਗੱਲਾਂ ਯਾਦ ਆਈਆਂ, ਕਿਸ ਤਰਾਂ ਕੋਰਚਾਗਿਨਾ ਨਾਲ ਸ਼ਾਮ ਗੁਜ਼ਾਰੀ ਸੀ। ਕੋਰਚਾਗਿਨ ਇਕ ਧਨੀ ਰਈਸੀ ਟੱਬਰ ਸੀ ਤੇ ਹਰ ਇਕ ਨੂੰ ਸ਼ਹਿਰ ਵਿੱਚ ਇਹ ਉਡੀਕ ਹੋ ਰਹੀ ਸੀ ਕਿ ਸ਼ਾਹਜ਼ਾਦਾ ਓਹਨਾਂ ਦੀ ਲੜਕੀ