ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/614

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤੇ ਸਾਡੀਆਂ ਇਥੇ ਦੀਆਂ ਤੀਮੀਆਂ ਸਭ ਕਪੜੇ ਧੋਣ ਗਈਆਂ ਹੋਈਆਂ ਹਨ," ਵਲਾਦੀਮੀਰ ਤੀਮੀ ਨੇ ਕਹਿਆ, ਮੈਂ ਸੁਣਿਆ ਹੈ ਕਿ ਅੱਜ ਢੇਰ ਸਾਰੀ ਖੈਰਾਤ ਵੰਡੀ ਗਈ ਹੈ, ਤੇ ਬਹੁਤ ਸਾਰੀ ਲਿਆਏ ਹਨ ।"

"ਫਿਨਾਸ਼ਕਾ!" ਚੌਕੀਦਾਰ ਦੀ ਵਹੁਟੀ ਨੇ ਆਵਾਜ਼ ਮਾਰੀ "ਉਹ ਨਿੱਕਾ ਸ਼ਤੂੰਗੜਾ ਕਿੱਥੇ ਈ ?" ਓਸ ਉਣਨ ਵਾਲੀ ਸਲਾਈ ਚਕੀ ਤੇ ਉੱਨ ਦੇ ਗੇਂਦ ਅਤੇ ਜੁਰਾਬ ਵਿੱਚ ਦੀ ਫਸਾ ਕੇ ਆਪ ਕੌਰੀਡੋਰ ਵਲ ਬਾਹਰ ਗਈ ।

ਇਸ ਛਿਨ ਹੀ, ਕੌਰੀਡੋਰ ਵਿੱਚ ਦੀ ਆਉਂਦੀਆਂ ਤੀਮੀਆਂ ਦੀ ਆਵਾਜ਼ ਆਈ । ਤੇ ਇਸ ਕੋਠੜੀ ਵਿੱਚ ਰਹਿਣ ਵਾਲੀਆਂ ਅੰਦਰ ਗਈਆਂ, ਸਭ ਦੇ ਪੈਰਾਂ ਵਿੱਚ ਜੇਲ ਦੀਆਂ ਜੁੱਤੀਆਂ ਸਨ, ਪੈਰ ਨੰਗੇ, ਜੁਰਾਬਾਂ ਕੋਈ ਨਹੀਂ ਸਨ———ਹਰ ਇਕ ਦੇ ਹੱਥ ਵਿੱਚ ਇਕ ਇਕ ਰੋਟੀ ਦਾ ਰੋਲ ਸੀ, ਕਿਸੇ ਦੇ ਹੱਥ ਵਿਚ ਦੋ ਦੋ ਵੀ ਸਨ । ਥੀਓਡੋਸੀਆ ਝਟ ਪਟ ਮਸਲੋਵਾ ਦੇ ਕੋਲ ਆ ਗਈ।

"ਕੀ ਸਬੱਬ ਹੈ———ਚਰਖਾ ਕੀ ਕੁਛ ਵਿਗੜਿਆ ਹੋਇਆ ਹੈ ?" ਓਸ ਪੁਛਿਆ ਆਪਣੀਆਂ ਸਾਫ ਤੇ ਨੀਲੀਆਂ ਅੱਖਾਂ ਭਰਕੇ ਬੜੇ ਪਿਆਰ ਨਾਲ ਮਸਲੋਵਾ ਵਲ ਤੱਕ ਕੇ, "ਇਹ ਸਾਡੀ ਚਾਹ ਲਈ ਹਨ," ਤੇ ਓਸ ਰੋਟੀ ਦੇ ਰੋਲ ਅਲਮਾਰੀ ਉੱਪਰ ਧਰ ਦਿੱਤੇ ।

੫੮੦