ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/611

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਸ ਕਹਿਆ, "ਮੈਂ ਅਤਿ ਦਾ ਯਤਨ ਕਰਾਂਗਾ, ਤੇਰਾ............. ਮੇਰਾ ਮਤਲਬ ਸਾਡਾ, ਮਾਮਲਾ ਕਿਸ ਤਰ੍ਹਾਂ ਤੈਹ ਹੋ ਜਾਏ ਤੇ ਇਹ ਸਜ਼ਾ ਦਾ ਹੁਕਮ ਮਨਸੂਖ ਹੋ ਜਾਏ ।"

"ਤੇ ਜੇ ਇਹ ਮਨਸੂਖ ਨ ਹੋਵੇ ਤਾਂ ਵੀ ਮੈਨੂੰ ਕੁਛ ਪਰਵਾਹ ਨਹੀਂ, ਮੈਨੂੰ ਇਹ ਸਜ਼ਾ ਮਿਲਣੀ ਚਾਹੀਦੀ ਸੀ, ਭਾਵੇਂ ਇਸ ਮਾਮਲੇ ਵਿੱਚ ਨਹੀਂ, ਤਾਂ ਵੀ ਕਈ ਹੋਰ ਤਰਾਂ ਮੈਂ ਐਸੀਆਂ ਕਰਤੂਤਾਂ ਕੀਤੀਆਂ ਹਨ ਜਿਨ੍ਹਾਂ ਲਈ ਮੈਂ ਇਸ ਸਜ਼ਾ ਦੀ ਮੁਸਤਹਿਕ ਹਾਂ," ਓਸ ਕਹਿਆ ਤੇ ਨਿਖਲੀਊਧਵ ਨੇ ਵੇਖਿਆ ਕਿ ਓਸ ਲਈ ਆਪਣੇ ਅੱਥਰੂਆਂ ਦਾ ਰੋਕਨਾ ਕਿਤਨੀ ਕਠਿਨ ਗੱਲ ਹੋ ਰਹੀ ਸੀ ।

"ਅੱਛਾ ! ਆਪ ਮੈਨਸ਼ੋਵਾਂ ਨੂੰ ਮਿਲੇ ਹੋ ?" ਓਸ ਅਚਨਚੇਤ ਪੁਛਿਆ ਆਪਣਾ ਗੱਚ ਲਕਾਣ ਨੂੰ, "ਇਹ ਸੱਚ ਹੈ ਕਿ ਉਹ ਬੇਕਸੂਰ ਹਨ--ਹਨ ਕਿ ਨਹੀਂ ?"

"ਹਾਂ ਮੇਰਾ ਖਿਆਲ ਵੀ ਇਹੋ ਹੈ ।"

"ਕੇਹੀ ਆਲੀਸ਼ਾਨ ਬੁੱਢੀ ਜਨਾਨੀ———ਓਹ", ਉਸ ਕਹਿਆ, ਤੇ ਨਿਖਲੀਊਧਵ ਨੇ ਓਹਨੂੰ ਜੋ ਕੁਛ ਮੈਨਸ਼ੋਵਾ ਬਾਬਤ ਪਤਾ ਲੱਗਾ ਸੀ ਦਸਿਆ, ਤੇ ਨਾਲੇ ਪੁਛਿਆ ਕਿ ਕੀ ਕੁਛ ਹੋਰ ਓਹ ਉਨ੍ਹਾਂ ਦੇ ਮੁਤਅੱਲਕ ਚਾਹੁੰਦੀ ਹੈ । ਓਸ ਜਵਾਬ ਦਿੱਤਾ ਬਸ ਠੀਕ ਹੈ ਹੋਰ ਕੀ ।

ਦੋਵੇਂ ਫਿਰ ਚੁਪ ਹੋ ਗਏ ।

੫੭੭