ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/596

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤੈਨੂੰ ਹੋਮ ਫੰਡ ਲਈ ਕੁਛ ਜ਼ਰੂਰ ਦੇਣਾ ਚਾਹੀਦਾ ਹੈ ।"

"ਮੈਂ ਇਨਕਾਰ ਤਾਂ ਨਹੀਂ ਕਰ ਰਹਿਆ, ਪਰ ਮੈਂ ਆਪਣਾ ਰੁਪਿਆ ਲਾਟਰੀ ਲਈ ਤਾਜ਼ਾ ਰਖ ਰਹਿਆ ਹਾਂ, ਤੇ ਫਿਰ ਮੈਂ ਆਪਣਾ ਦਾਨ ਖੂਬ ਰੌਣਕ ਨਾਲ ਦਿਆਂਗਾ ।"

"ਦੇਖੀਂ ਕਿਧਰੇ ਢਹਿੰਦਾ ਨਾ ਹੋਵੇਂ," ਇਕ ਆਵਾਜ਼ ਨੇ ਕਹਿਆ ਤੇ ਇਸ ਕਹਿਣ ਦੇ ਪਿੱਛੇ ਇਕ ਬਨਾਵਟੀ ਹਾਸੇ ਦੀ ਆਵਾਜ਼ ਆਈ।

ਐਨਾ ਇਗਨਾਤਏਵਨਾ ਤਾਂ ਅੱਜ ਖੁਸ਼ੀਆਂ ਵਿਚ ਸੀ । ਉਹਦਾ ਐਟ ਹੋਮ ਇਕ ਚਮਕਦੀ ਕਾਮਯਾਬੀ ਸੀ ।

"ਮਿੱਕੀ ਮੈਨੂੰ ਦੱਸਦਾ ਹੈ ਕਿ ਆਪ ਅੱਜ ਕਲ ਜੇਲ ਦੇ ਪਰਉਪਕਾਰਾਂ ਵਿੱਚ ਰੁਝੇ ਹੋਏ ਹੋ । ਮੈਂ ਆਪ ਦੀ ਤਬੀਅਤ ਨੂੰ ਸਮਝ ਸਕਦੀ ਹਾਂ", ਉਸਨੇ ਨਿਖਲੀਊਧਵ ਨੂੰ ਕਹਿਆ । (ਮਿਕੀ ਥੀਂ ਮਤਲਬ ਉਹਦੇ ਆਪਣੇ ਮੋਟੇ ਪਤੀ ਮੈਸਲੈਨੀਕੋਵ ਬੀ ਸੀ) । "ਉਸ ਵਿਚ ਕਿੰਨੇ ਹੀ ਔਗੁਣ ਹੋਣ———ਪਰ ਇਹ ਤਾਂ ਹੈ ਨਾਂ ਕਿ ਉਹ ਬੜਾ ਕਿਰਪਾਲੂ ਦਿਲ ਵਾਲਾ ਹੈ, ਉਹ ਇੰਨੇ ਸਾਰੇ ਦੁਖੀ ਕੈਦੀਆਂ ਨੂੰ ਆਪਣੇ ਬੱਚਿਆਂ ਵਾਂਗਰ ਜਾਣਦਾ ਹੈ । ਉਹ ਇਨ੍ਹਾਂ ਨੂੰ ਹੋਰ ਕਿਸੀ ਨਜ਼ਰ ਵਿਚ ਵੇਖ ਹੀ ਨਹੀਂ ਸਕਦਾ ।

੫੬੨