ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/593

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਲੇ ਸਿਰੇ ਤੇ ਕਈ ਸਵਾਣੀਆਂ ਚਾਹ ਦੇ ਮੇਜ਼ ਉੱਪਰ ਬੈਠੀਆਂ ਸਨ ਤੇ ਸਿਵਲ ਤੇ ਫੌਜ ਦੇ ਅਫ਼ਸਰ ਓਨ੍ਹਾਂ ਪਾਸ ਖੜੇ ਸਨ । ਮਰਦਾਂ ਤੀਮੀਆਂ ਦੀ ਮਿਲੀ ਆਵਾਜ਼ ਦੀ ਕੁਲ ਕੁਲ ਲਗਾਤਾਰ ਜਾਰੀ ਸੀ ।

"ਆਹ ! ਅਸਾਂ ਸਮਝਿਆਂ ਆਪ ਨੇ ਸਾਨੂੰ ਵਿਸਾਰ ਛਡਿਆ ਹੈ———ਕਿ ਅਸਾਂ ਨੇ ਆਪ ਨੂੰ ਕਿਸੀ ਤਰਾਂ ਖਫ਼ਾ ਤਾਂ ਨਹੀਂ ਕਰ ਦਿੱਤਾ ?" ਇਨ੍ਹਾਂ ਲਫਜ਼ਾਂ ਵਿੱਚ ਐਨਾ ਇਗਨਾਤਏਵਨਾ ਬੋਲੀ, ਤੇ ਨਵੇਂ ਆਏ ਨਿਖਲੀਊਧਵ ਨੂੰ ਬੁਲਾਇਆ। ਭਾਵ ਇਹ ਸੀ ਓਹ ਇਸ ਤਰਾਂ ਆਪੇ ਵਿੱਚ ਦੀ ਅਪਣਤ, ਜਿਹੜੀ ਓਨ੍ਹਾਂ ਦੋਹਾਂ———ਨਿਖਲੀਊਧਵ ਤੇ ਐਨਾ ਐਨਾ ਇਗਨਾਤਏਵਨਾ———ਵਿਚ ਕਦੀ ਨਹੀਂ ਹੋਈ ਸੀ, ਪਰਗਟ ਕਰੇ ।

"ਤੁਸੀ ਇਕ ਦੂਜੇ ਨੂੰ ਜਾਣਦੇ ਹੋ ਨਾ———ਮੈਡਮ ਤਿਲਯਾਏਵਸਕਯਾ ਤੇ ਏਮ-ਚੇਰਨੌਵ । ਜ਼ਰਾ ਢੁਕ ਕੇ ਬਹਿ ਜਾਓ । ਮਿੱਸੀ ! ਤੂੰ ਵੀ ਸਾਡੇ ਮੇਜ਼ ਤੇ ਆ ਬੈਠ, ਤੇਰੀ ਚਾਹ ਇਥੇ ਹੀ ਲਿਆਂਦੀ ਜਾਏਗੀ...ਤੇ ਤੁਸੀਂ", ਇਕ ਅਫਸਰ ਜੋ ਮਿੱਸੀ ! ਨਾਲ ਗੱਲਾਂ ਕਰ ਰਹਿਆ ਸੀ ਓਹਨੂੰ ਵੀ ਕਹਿਆ, ਉਹਦਾ ਨਾਂ ਉਹਨੂੰ ਭੁਲ ਚੁਕਾ ਸੀ, "ਜ਼ਰੂਰ ਇਥੇ ਹੀ ਆ ਜਾਓ.........ਚਾਹ ਦੀ ਪਿਆਲੀ, ਸ਼ਾਹਜ਼ਾਦਾ ?"

੫੫੯