ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਤ ਦੇ ਸੌਣ ਵਾਲਿਆਂ ਕਪੜਿਆਂ ਵਿਚ ਹੀ ਕਮਰਿਆਂ ਵਿਚ ਅਗੇ ਪਿਛੇ ਟਹਿਲਣਾ, ਤਨੇ ਪਰਦਿਆਂ ਦੇ ਵਿਚ ਦੇ ਹੀ ਬਾਰੀਆਂ ਵਿਚੋਂ ਬੇਅਰਥ ਬਾਹਰ ਨੂੰ ਝਾਤੀਆਂ ਲੈਣੀਆਂ, ਇਕ ਦੂਜੇ ਨਾਲ ਨਿਕੰਮੇ ਝਗੜੇ ਝੇੜੇ ਲੜਾਈਆਂ, ਖੋਹ ਪਤੋਹੀਆਂ, ਫਿਰ ਉੱਠ ਓਸ ਜੁਸੇ ਨੂੰ ਧੋਣਾ, ਪੁੰਝਣਾ, ਇਤਰ ਫੁਲੇਲ ਲਾਉਣਾ, ਸਿਰ ਦੇ ਵਾਲਾਂ ਨੂੰ ਕੰਘੀ ਪੱਟੀ ਕਰਕੇ ਸੰਵਾਰਨਾਂ, ਸੋਹਣੀਆਂ ਪੋਸ਼ਾਕਾਂ ਪਾ ਪਾ ਵੇਖਣੀਆਂ ਤੇ ਓਸ ਘਰ ਦੀ ਰਖਣ ਵਾਲੀ ਨਾਲ ਕਪੜਿਆਂ ਬਾਬਤ ਜੰਗ ਤੇ, ਗੁੱਸੇ, ਸ਼ੀਸ਼ਿਆਂ ਵਿਚ ਆਪਣੇ ਕਪੜੇ ਗਹਿਣੇ, ਰੂਪ ਰੰਗ ਨੂੰ ਵੇਖਣਾ, ਅੱਖਾਂ ਦੇ ਪਲਕਾਂ ਤੇ ਭਰਵਟਿਆਂ ਨੂੰ ਕੁਝ ਲਾਣਾ, ਚਿਹਰੇ ਉੱਪਰ ਸਵਾਹ ਖੇਹ ਮਲਣੀ, ਬੜੇ ਮਿਠੇ ਤੇ ਸਕੀਲ ਖਾਣੇ ਖਾਣੇ, ਤੇ ਫਿਰ ਬੜੇ ਸ਼ੋਖ ਰੰਗ ਦੇ ਰੇਸ਼ਮ ਇਉਂ ਪਹਿਨਣੇ ਜਿਨ੍ਹਾਂ ਵਿਚ ਦੀ ਅੱਧਾ ਸਰੀਰ ਨੰਗਾ ਦਿੱਸੇ ਤੇ ਅੱਧਾ ਕੱਜਿਆ ਦਿਸੇ, ਤੇ ਇਉਂ ਬਣ ਤਣ ਕੇ ਬੜੇ ਬੜੇ ਝਾੜ ਫਾਨੂਸਾਂ ਨਾਲ ਸਜੇ ਤੇ ਰੋਸ਼ਨ ਕਮਰਿਆਂ ਵਿਚ ਆਣ ਆਣ ਬਹਿਣਾ ਤੇ ਫਿਰ ਉਨ੍ਹਾਂ ਨੂੰ ਵੇਖਣ ਵਾਲੇ ਗਾਹਕਾਂ ਦਾ ਆਵਣਾ, ਤੇ ਫਿਰ ਰਾਗ, ਰੰਗ, ਨਾਚ, ਆਖਰ ਸ਼ਰੀਰ ਦਾ ਵੇਚਣਾ, ਤੇ ਜੋ ਵੀ ਕੋਈ, ਬੁੱਢੇ, ਜਵਾਨ, ਅਧਖੜ ਅਤੇ ਮੁੰਡਿਆਂ ਨਾਲ ਤੇ ਕਬਰ ਵਿਚ ਲਟਕਾਏ ਪੈਰਾਂ ਵਾਲੇ ਪੀਰ ਸਾਲਾਂ ਨਾਲ ਜੋ ਆਵੈ ਭੋਗ ਕਰਨਾ। ਕੰਵਾਰੇ, ਵਿਆਹੇ, ਸੌਦਾਗਰ, ਬਾਬੂ ਲੋਕ, ਆਰਮਿਨੀਆ ਦੇ ਬਦੇਸ਼ੀ ਲੋਕ, ਯਹੂਦੀ, ਤਰ੍ਹਾਂ ਤਰ੍ਹਾਂ ਦੇ ਲੋਕਾਂ ਗਰੀਬਾਂ, ਅਮੀਰਾਂ, ਰੋਗੀਆਂ, ਚੰਗਿਆਂ ਭਲਿਆਂ, ਸ਼ਰਾਬੀਆਂ ਕਬਾਬੀਆਂ ਨਾਲ ਤੇ ਸ਼ਰਾਬ ਨੂੰ ਪੀਣ ਵਾਲਿਆਂ ਨਾਲ ਨਰਮ, ਸਖਤ, ਫੌਜੀ ਸਿਪਾਹੀਆਂ, ਸਿਵਲ ਦੇ ਸ਼ਹਿਰੀ ਲੋਕਾਂ ਨਾਲ, ਸਕੂਲ ਪੜ੍ਹਨ ਵਾਲੇ ਮੁੰਡਿਆਂ ਨਾਲ, ਸਭ ਨਾਲ, ਸਭ ਜਾਤਾਂ

੨੫