ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/586

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਕਲੇਸ਼ ਸਨ ਜਿਹੜੇ ਉਨ੍ਹਾਂ ਬੇਕਸੂਰ ਲੋਕਾਂ ਦੇ ਸਿਰ ਪਾ ਦਿੱਤੇ ਸਨ ਸਿਰਫ ਇਸ ਕਰਕੇ ਕਿ ਇਕ ਕੜੇ ਕਾਗਤ ਉੱਪਰ ਦੋ ਕਾਲੇ ਹਰਫ ਨਹੀਂ ਸਨ ਜਿਹੜੇ ਉਸ ਉੱਪਰ ਹੋਣੇ ਚਾਹੀਦੇ ਸਨ । ਉਹ ਹੈਵਾਨ ਬੂਸਰ ਬਣ ਗਏ ਹੋਏ ਜੇਲਰ ਖੌਫ਼ਨਾਕ ਸਨ, ਜਿਨ੍ਹਾਂ ਦਾ ਕੰਮ ਹੀ ਹੋ ਚੁਕਾ ਸੀ ਕਿ ਆਪਣੇ ਭਰਾਵਾਂ ਨੂੰ ਦੁਖ ਦੇਣ, ਤੇ ਨਾਲੇ ਉਹ ਆਪਣੇ ਮਨਾਂ ਵਿਚ ਨਿਸ਼ਚਿੰਤ ਸਨ ਕਿ ਉਹ ਇਕ ਅਹਿਮ ਤੇ ਫ਼ਾਇਦੇਮੰਦ ਫ਼ਰਜ਼ ਪੂਰਾ ਕਰ ਰਹੇ ਹਨ, ਪਰ ਸਭ ਥੀਂ ਡਰਾਉਣਾ ਇਹ ਨਰਮ ਦਿਲ ਬੁਢੇਰਾ, ਰੋਗ ਗ੍ਰਸਿਆ ਇਨਸਪੈਕਟਰ ਸੀ ਜਿਹੜਾ ਮਜਬੂਰ ਸੀ ਕਿ ਪਿਉ ਨਾਲੋਂ ਧੀ ਨੂੰ, ਮਾਂ ਨਾਲੋਂ ਪੁਤ ਨੂੰ ਨਿਖੇੜੇ, ਜਿਹੜੇ ਹੂ-ਬਹੂ ਉਹੋ ਜੇਹੇ ਇਨਸਾਨ ਸਨ ਜੇਹਾ ਉਹ ਆਪ ਤੇ ਉਹਦੇ ਆਪਣੇ ਬੱਚੇ ਸਨ ।

"ਇਹ ਸਭ ਕੁਛ ਕਿਸ ਲਈ ਹੋ ਰਹਿਆ ਹੈ ?" ਤੇ ਨਿਖਲੀਊਧਵ ਨੇ ਆਪਣੇ ਆਪ ਨੂੰ ਪੁਛਿਆ ਤੇ ਸਦਾ ਥੀਂ ਵਧ, ਅੱਜ ਫਿਰ ਉਹਨੂੰ ਉਹੋ ਆਤਮਿਕ ਕਰੈਹਤ ਆਈ ਜਿਹੜੀ ਓਹਨੂੰ ਆਉਂਦੀ ਹੁੰਦੀ ਸੀ ਜਦ ਕਦੀ ਉਹ ਜੇਲ ਵਿਚ ਆਉਂਦਾ ਹੁੰਦਾ ਸੀ———ਪਰ ਉਹਨੂੰ ਆਪਣੇ ਸਵਾਲ ਦਾ ਜਵਾਬ ਕੋਈ ਨਹੀਂ ਲੱਭਾ ।

੫੫੨