ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/582

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਘਣ ਵਾਂਗ ਸਾਹ ਲੈ ਰਹੀ ਸੀ। ਉਹ ਮੋਟੀ ਲੜਕੀ, ਸੋਹਣੀਆਂ ਕੋਮਲ ਤੇ ਮੇਹਰਬਾਨ ਅੱਖਾਂ ਵਾਲੀ, ਰੋਂਦੀ ਮਾਂ ਦੇ ਸਾਹਮਣੇ ਖੜੀ ਸੀ ਤੇ ਓਹਨੂੰ ਕੋਈ ਚੈਨ ਦੇਣਦਾ ਉਪਰਾਲਾ ਕਰ ਰਹੀ ਸੀ। ਬੁੱਢਾ ਨੀਲੀਆਂ ਐਨਕਾਂ ਵਾਲਾ ਆਦਮੀ ਵੀ ਆਪਣੀ ਲੜਕੀ ਦਾ ਹੱਥ ਫੜ ਕੇ ਖੜਾ ਸੀ, ਤੇ ਜੋ ਕੁਛ ਓਹ ਕਹਿ ਰਹੀ ਸੀ ਆਪਣਾ ਸਿਰ ਹਿਲਾਕੇ ਉਹਦਾ ਜਵਾਬ ਦੇ ਰਹਿਆ ਸੀ । ਓਹ ਜਵਾਨ ਪਿਆਰੂਏ ਵੀ ਉੱਠ ਖਲੋਤੇ ਤੇ ਇਕ ਦੂਜੇ ਦੇ ਹਥ ਫੜੇ, ਇਕ ਦੂਜੇ ਵਲ ਚੁਪ ਟੱਕ ਬੰਨ੍ਹੀ ਦੇਖ ਰਹੇ ਸਨ ।

"ਬਸ ਏਹ ਦੋਵੇਂ ਕੇਹੇ ਚਾ ਵਿਚ ਹਨ," ਤਾਂ ਇਕ ਨੌਜਵਾਨ ਨੇ, ਜਿਸ ਛੋਟਾ ਜੇਹਾ ਕੋਟ ਪਾਇਆ ਹੋਇਆ ਸੀ ਤੇ ਨਿਖਲੀਊਧਵ ਦੇ ਮੁੱਢ ਖੜਾ ਸੀ, ਤੇ ਜਦ ਉਸਨੇ ਇਨ੍ਹਾਂ ਸਾਰਿਆਂ ਵਿਛੜਨ ਵਾਲਿਆਂ ਨੂੰ ਦੇਖ ਦੇਖ ਉਨ੍ਹਾਂ ਦੋਹਾਂ ਪਿਆਰੂਆਂ ਵਲ ਵੇਖਿਆ, ਓਨ੍ਹਾਂ ਵਲ ਇਸ਼ਾਰਾ ਕਰਕੇ ਕਹਿਆ ।

ਨਿਖਲੀਊਧਵ ਤੇ ਉਸ ਨੌਜਵਾਨ ਦੀਆਂ ਅੱਖਾਂ ਆਪਣੇ ਉਪਰ ਗੱਡੀਆਂ ਪ੍ਰਤੀਤ ਕਰਕੇ, ਉਨ੍ਹਾਂ ਪਿਆਰੂਆਂ ਨੇ ਨੌਜਵਾਨ ਗਭਰੂ ਰਬਰ-ਕੋਟ ਵਾਲਾਂ ਤੇ ਓਹਦੀ ਸੋਹਣੀ ਕੁੜੀ ਦੋਹਾਂ ਨੇ ਆਪਣੀਆਂ ਬਾਹਾਂ ਪਸਾਰ ਲਈਆਂ ਤੇ ਇਕ ਦੂਜੇ ਵਿੱਚ ਹਥਾਂ ਦੀਆਂ ਉਂਗਲੀਆਂ ਫਸਾਈਆਂ, ਇਕ ਗੋਲ ਚੱਕਰ ਜੇਹਾ ਬੰਨ੍ਹ ਨੱਚਣ ਲਗ ਗਏ ।

"ਅਜ ਰਾਤੀਂ ਜੇਲ ਵਿਚ ਹੀ ਇਨ੍ਹਾਂ ਦੋਹਾਂ ਦਾ ਕਾਜ ਹੋਣਾ ਹੈ ਤੇ ਇਹ ਕੁੜੀ ਓਹਦੇ ਪਿੱਛੇ ਸਾਈਬੇਰੀਆ ਜਾਏਗੀ," ਨੌਜਵਾਨ ਨੇ ਕਹਿਆ ।

"ਇਹ ਕੀ ਕੰਮ ਕਰਦਾ ਹੈ ?"

੫੪੮